ਚੇਨੱਈ, 17 ਦਸੰਬਰ
ਵੈਸਟ ਇੰਡੀਜ਼ ਦੇ ਖਿਡਾਰੀਆਂ ਨੂੰ ਭਾਰਤ ਖ਼ਿਲਾਫ਼ ਪਹਿਲੇ ਇੱਕ ਰੋਜ਼ਾ ਕੌਮਾਂਤਰੀ ਮੈਚ ਦੌਰਾਨ ਧੀਮੀ ਓਵਰ ਗਤੀ ਲਈ ਮੈਚ ਫ਼ੀਸ ਦਾ 80 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਆਈਸੀਸੀ ਮੈਚ ਰੈਫਰੀ ਡੇਵਿਡ ਬੂਨ ਨੇ ਤੈਅ ਸਮੇਂ ਦੌਰਾਨ ਚਾਰ ਓਵਰ ਘੱਟ ਸੁੱਟਣ ਕਾਰਨ ਕੀਰੋਨ ਪੋਲਾਰਡ ਦੀ ਟੀਮ ਨੂੰ ਇਹ ਜੁਰਮਾਨਾ ਕੀਤਾ।
ਆਈਸੀਸੀ ਨੇ ਬਿਆਨ ਵਿੱਚ ਕਿਹਾ, ‘‘ਆਈਸੀਸੀ ਦੀ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਲਈ ਜ਼ਾਬਤੇ ਦੀ ਧਾਰਾ 2.22 ਅਨੁਸਾਰ ਟੀਮ ਦੇ ਤੈਅ ਸਮੇਂ ਵਿੱਚ ਓਵਰ ਪੂਰੇ ਨਾ ਕਰਨ ਦੀ ਸਥਿਤੀ ਵਿੱਚ ਖਿਡਾਰੀਆਂ ਨੂੰ ਪ੍ਰਤੀ ਓਵਰ ਦੀ ਦਰ ਨਾਲ ਉਸ ਦੀ ਮੈਚ ਫ਼ੀਸ ਦਾ 20 ਫ਼ੀਸਦੀ ਜੁਮਰਾਨਾ ਲਾਇਆ ਜਾਵੇਗਾ। ਇਸ ਤਰ੍ਹਾਂ ਉਸ ਦੇ ਹਰੇਕ ਖਿਡਾਰੀ ’ਤੇ ਮੈਚ ਫ਼ੀਸ ਦਾ 80 ਫ਼ੀਸਦੀ ਜੁਰਮਾਨਾ ਲਾਇਆ ਗਿਆ। ਇਹ ਧਾਰਾ ਧੀਮੀ ਓਵਰ ਗਤੀ ਨਾਲ ਜੁੜੀ ਹੈ।’’
ਵੈਸਟ ਇੰਡੀਜ਼ ਦੇ ਕਪਤਾਨ ਪੋਲਾਰਡ ਨੇ ਮੈਚ ਖ਼ਤਮ ਹੋਣ ਮਗਰੋਂ ਆਪਣੀ ਗ਼ਲਤ ਅਤੇ ਤੈਅ ਜੁਰਮਾਨਾ ਸਵੀਕਾਰ ਕਰ ਲਿਆ ਸੀ। ਇਸ ਲਈ ਇਸ ਮਾਮਲੇ ਦੀ ਸੁਣਵਾਈ ਨਹੀਂ ਹੋਵੇਗੀ। ਮੈਦਾਨੀ ਅੰਪਾਇਰ ਨਿਤਿਨ ਮੈਨਨ ਅਤੇ ਸ਼ੌਨ ਜੌਰਜ, ਤੀਜੇ ਅੰਪਾਇਰ ਰੋਡਨੀ ਟਕਰ ਅਤੇ ਚੌਥੇ ਅੰਪਾਇਰ ਅਨਿਲ ਚੌਧਰੀ ਨੇ ਇਹ ਦੋਸ਼ ਲਾਇਆ ਸੀ। ਵੈਸਟ ਇੰਡੀਜ਼ ਨੇ ਇਹ ਮੈਚ ਅੱਠ ਵਿਕਟਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ।