ਨੌਟਿੰਘਮ, 8 ਜੂਨ
ਆਸਟਰੇਲੀਆ ਤੋਂ ਵਿਸ਼ਵ ਕੱਪ ਮੈਚ ਵਿੱਚ 15 ਦੌੜਾਂ ਨਾਲ ਹਾਰਣ ਤੋਂ ਬਾਅਦ ਵੈਸਟਇੰਡੀਜ਼ ਦੇ ਆਲਰਾਊਂਡਰ ਕਾਰਲੋਸ ਬਰੈੱਥਵੈਟ ਨੇ ਕਿਹਾ ਕਿ ਬੇਹੱਦ ਖ਼ਰਾਬ ਅੰਪਾਇਰਿੰਗ ਦਾ ਉਸ ਦੀ ਟੀਮ ਨੂੰ ਬਹੁਤ ਜ਼ਿਆਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ ਜਦੋਂਕਿ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਨੇ ਵੀ ਅੰਪਾਇਰਾਂ ਦੇ ਪ੍ਰਦਰਸ਼ਨ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ।
ਵੈਸਟਇੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਅਤੇ ਕਪਤਾਨ ਜੈਸਨ ਹੋਲਡਰ ਦੋਵਾਂ ਨੂੰ ਟਰੈਂਟਬ੍ਰਿਜ ਵਿੱਚ ਵੀਰਵਾਰ ਨੂੰ ਮੈਦਾਨੀ ਅੰਪਾਇਰਾਂ ਨੇ ਦੋ ਵਾਰ ਆਊਟ ਦੇ ਦਿੱਤਾ ਸੀ ਪਰ ਹਰ ਵਾਰ ਤੀਜੇ ਅੰਪਾਇਰ ਨੇ ਫ਼ੈਸਲਾ ਬਦਲ ਦਿੱਤਾ ਸੀ। ਅੰਪਾਇਰ ਕ੍ਰਿਸ ਗਾਫਨੀ ਇਕ ਮੌਕੇ ’ਤੇ ਮਿਸ਼ੇਲ ਸਟਾਰਕ ਦੀ ਨੋਬਾਲ ਦੇਣ ਤੋਂ ਰਹਿ ਗਿਆ ਸੀ। ਜੇਕਰ ਇਹ ਨੋਬਾਲ ਹੋ ਜਾਂਦੀ ਤਾਂ ਅਗਲੀ ਗੇਂਦ ’ਤੇ ਫ੍ਰੀ ਹਿੱਟ ਹੁੰਦੀ ਜਿਸ ’ਤੇ ਕ੍ਰਿਸ ਗੇਲ ਆਊਟ ਹੋ ਗਿਆ ਸੀ।
ਬਰੈੱਥਵੈਟ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸ ਨੂੰ ਲੱਗਦਾਾ ਹੈ ਕਿ ਅੰਪਾਇਰਿੰਗ ਥੋੜੀ ਨਿਰਾਸ਼ਾਜਨਕ ਹੈ। ਇੱਥੋਂ ਤੱਕ ਕਿ ਜਦੋਂ ਉਹ ਗੇਂਦਬਾਜ਼ੀ ਕਰ ਰਹੇ ਸਨ ਤਾਂ ਸਿਰ ਦੀ ਉਚਾਈ ਤੱਕ ਜਾਣ ਵਾਲੀ ਉਨ੍ਹਾਂ ਦੀਆਂ ਕੁਝ ਗੇਂਦਾਂ ਨੂੰ ਵੀ ਵਾਈਡ ਦਿੱਤਾ ਗਿਆ। ਇਸੇ ਦੌਰਾਨ ਹੋਲਡਿੰਗ ਨੇ ਕਮੈਂਟਰੀ ਕਰਦੇ ਹੋਏ ਅੰਪਾਇਰਿੰਗ ਨੂੰ ਖ਼ਰਾਬ ਕਰਾਰ ਦਿੱਤਾ। ਉਸ ਨੇ ਕਿਹਾ ਕਿ ਅੰਪਾਇਰਿੰਗ ਬੇਹੱਦ ਖ਼ਰਾਬ ਰਹੀ।