ਵੈਨਕੂਵਰ, ਇਥੇ ਐਬਟਸਫੋਰਡ ਵਿੱਚ ਬੀਤੀ ਰਾਤ ਹੋਈ ਗੋਲੀਬਾਰੀ ਵਿੱਚ 20 ਸਾਲਾ ਪੰਜਾਬੀ ਨੌਜਵਾਨ ਗਗਨ ਧਾਲੀਵਾਲ ਦੀ ਮੌਤ ਹੋ ਗਈ ਜਦੋਂਕਿ ਉਸ ਦੀ ਭੂਆ ਦਾ ਪੁੱਤ ਜ਼ਖ਼ਮੀ ਹੋ ਗਿਆ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਘਟਨਾ ਮਗਰੋਂ ਐਬਟਸਫੋਰਡ ਪੁਲੀਸ ਗੈਂਗ ਹਿੰਸਾ ਤੇ ਨਸ਼ਾ ਤਸਕਰਾਂ ਖ਼ਿਲਾਫ਼ ਮੁੜ ਸਰਗਰਮ ਹੋ ਗਈ ਹੈ। ਗਗਨ ਧਾਲੀਵਾਲ ਜਗਰਾਓਂ ਨੇੜਲੇ ਪਿੰਡ ਅਗਵਾੜ ਲੋਪੋਂ ਨਾਲ ਸਬੰਧਤ ਸੀ। ਉਸ ਦੇ ਪਿਤਾ ਗੁਰਚਰਨ ਸਿੰਘ ਧਾਲੀਵਾਲ ਐਬਟਸਫੋਰਡ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਗਗਨ ਦੇ ਪਿਤਾ ਨੇ ਕਿਹਾ ਕਿ ਗੈਂਗ ਵਾਰ ਦੇ ਚਲਦਿਆਂ ਨੌਜਵਾਨਾਂ ਲਈ ਹਾਲਾਤ ਸਾਜ਼ਗਾਰ ਨਾ ਹੋਣ ਕਾਰਨ ਉਨ੍ਹਾਂ ਕੁਝ ਮਹੀਨੇ ਪਹਿਲਾਂ ਗਗਨ ਨੂੰ ਪੰਜਾਬ ਭੇਜ ਦਿੱਤਾ ਸੀ ਤੇ ਉਹ ਅਜੇ ਕੁਝ ਦਿਨ ਪਹਿਲਾਂ ਹੀ ਵਾਪਸ ਕੈਨੇਡਾ ਆਇਆ ਸੀ। ਬੀਤੀ ਰਾਤ ਉਹ ਆਪਣੀ ਭੂਆ ਦੇ ਪੁੱਤ ਨਾਲ ਗੈਰਾਜ ਵਿੱਚ ਬੈਠਾ ਸੀ ਕਿ ਹਮਲਾਵਰਾਂ ਨੇ ਨੇੜਿਓਂ ਆ ਕੇ ਉਨ੍ਹਾਂ ਨੂੰ ਗੋਲੀਆਂ ਮਾਰੀਆਂ ਤੇ ਫ਼ਰਾਰ ਹੋ ਗਏ। ਉਧਰ ਮਾਮਲੇ ਦੀ ਜਾਂਚ ਕਰ ਰਹੀ ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਕਿ ਹੱਥ ਹਮਲਾਵਰਾਂ ਬਾਰੇ ਕੁਝ ਸੁਰਾਗ ਲੱਗੇ ਹਨ। ਗਗਨ ਦੀ ਛਾਤੀ ਵਿੱਚ ਲੱਗੀਆਂ ਦੋ ਗੋਲੀਆਂ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਜ਼ਖ਼ਮੀ 15 ਸਾਲਾ ਲੜਕੇ ਦੀ ਹਾਲਤ ਸਥਿਤ ਦੱਸੀ ਜਾਂਦੀ ਹੈ।
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਗੋਲੀਬਾਰੀ ਦੀ ਇਸ ਘਟਨਾ ਮਗਰੋਂ ਜਗਰਾਉਂ ਸ਼ਹਿਰ ਦੇ ਅਗਵਾੜ ਲੋਪੋ ਪਿੰਡ ਦੇ ਲੋਕ ਸਦਮੇ ’ਚ ਹਨ। ਪਿੰਡ ਦੇ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਬ ਸਬੰਧਤ ਪਰਿਵਾਰ ਪਿਛਲੇ ਲੰਬੇ ਅਰਸੇ ਤੋਂ ਕੈਨੇਡਾ ਰਹਿ ਰਿਹਾ ਹੈ। ਜਾਣਕਾਰੀ ਅਨੁਸਾਰ ਗਗਨ ਧਾਲੀਵਾਲ ਦੇ ਦਿਲ ਕੋਲ ਦੋ ਗੋਲੀਆਂ ਲੱਗੀਆਂ ਤੇ ਉਸ ਨੇ ਆਪਣੇ ਦਾਦਾ ਅਤੇ ਮਾਂ ਦੇ ਹੱਥਾਂ ਵਿੱਚ ਹੀ ਪ੍ਰਾਣ ਤਿਆਗ ਦਿੱਤੇ। ਪਰਿਵਾਰ ਦੇ ਜਾਣੂ ਸਰਪੰਚ ਸ਼ਿਵਰਾਜ ਸਿੰਘ ਨੇ ਇਸ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਹ ਪਰਿਵਾਰ ਸਮਾਜ ਸੇਵਾ ਨੂੰ ਸਮਰਪਿਤ ਹੈ।