ਓਟਵਾ, 30 ਨਵੰਬਰ: ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਐਤਵਾਰ ਨੂੰ ਲਿਬਰਲ ਸਰਕਾਰ ਉੱਤੇ ਦੋਸ਼ ਲਾਉਂਦਿਆਂ ਆਖਿਆ ਕਿ ਕੋਵਿਡ-19 ਵੈਕਸੀਨ ਲਈ ਸਰਕਾਰ ਨੇ ਚੀਨ ਦੀ ਕੰਪਨੀ ਉੱਤੇ ਟੇਕ ਰੱਖਣ ਲਈ ਐਨਾ ਜ਼ੋਰ ਦਿੱਤਾ ਕਿ ਉਹ ਡੀਲ ਸਿਰੇ ਵੀ ਨਹੀਂ ਚੜ੍ਹ ਸਕੀ|
ਓਟੂਲ ਨੇ ਆਖਿਆ ਕਿ ਨੈਸ਼ਨਲ ਰਿਸਰਚ ਕਾਉਂਸਲ ਤੇ ਚੀਨ ਦੀ ਵੈਕਸੀਨ ਨਿਰਮਾਤਾ ਕੰਪਨੀ ਕੈਨਸੀਨੋ ਨਾਲ ਡੀਲ ਟੁੱਟ ਜਾਣ ਤੋਂ ਬਾਅਦ ਟਰੂਡੋ ਸਰਕਾਰ ਨੇ ਅਗਸਤ ਵਿੱਚ ਫਾਈਜ਼ਰ ਤੇ ਮੌਡਰਨਾ ਵਰਗੀਆਂ ਕੰਪਨੀਆਂ ਤੋਂ ਸੰਭਾਵੀ ਵੈਕਸੀਨ ਦੀਆਂ ਕਈ ਮਿਲੀਅਨ ਡੋਜ਼ਾਂ ਖਰੀਦਣ ਵੱਲ ਧਿਆਨ ਦਿੱਤਾ|
ਜ਼ਿਕਰਯੋਗ ਹੈ ਕਿ ਕਾਉਂਸਲ ਨੇ ਕੋਵਿਡ-19 ਵੈਕਸੀਨ ਲਈ ਕੈਨੇਡੀਅਨ ਬਾਇਓਲਾਜੀਕਲ ਪ੍ਰੋਡਕਟ ਦੀ ਵਰਤੋਂ ਕਰਨ ਲਈ ਕੈਨਸੀਨੋ ਨੂੰ ਲਾਇਸੰਸ ਜਾਰੀ ਕੀਤਾ ਸੀ| ਕੈਨਸੀਨੋ ਵੱਲੋਂ ਡਲਹੌਜ਼ੀ ਯੂਨੀਵਰਸਿਟੀ ਵਿਖੇ ਕੈਨੇਡੀਅਨ ਸੈਂਟਰ ਫੌਰ ਵੈਕਸੀਨੌਲੋਜੀ ਵਿਖੇ ਕਲੀਨਿਕਲ ਟ੍ਰਾਇਲ ਲਈ ਵੈਕਸੀਨ ਦੇ ਸੈਂਪਲ ਮੁਹੱਈਆ ਕਰਵਾਏ ਜਾਣੇ ਸਨ ਪਰ ਚੀਨੀ ਸਰਕਾਰ ਵੱਲੋਂ ਇਹ ਖੇਪ ਰੱਦ ਕਰ ਦਿੱਤੀ ਗਈ| ਸਵੇਰ ਵੇਲੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਓਟੂਲ ਨੇ ਆਖਿਆ ਕਿ ਟਰੂਡੋ ਨੂੰ ਆਪਣੇ ਹੱਥ ਵੱਢ ਕੇ ਚੀਨ ਹਵਾਲੇ ਨਹੀਂ ਸੀ ਕਰ ਦੇਣੇ ਚਾਹੀਦੇ ਤੇ ਵੈਕਸੀਨ ਲਈ ਸਾਰੀ ਟੇਕ ਚੀਨ ਉੱਤੇ ਹੀ ਨਹੀਂ ਸੀ ਰੱਖਣੀ ਚਾਹੀਦੀ|
ਟਰੂਡੋ ਸਰਕਾਰ ਨੇ ਬਹੁਤ ਬਾਅਦ ਵਿੱਚ ਫਾਈਜ਼ਰ ਤੇ ਮੌਡਰਨਾ ਵਰਗੀਆਂ ਕੰਪਨੀਆਂ ਵੱਲ ਧਿਆਨ ਦੇਣਾ ਸੁæਰੂ ਕੀਤਾ ਤੇ ਅਗਸਤ ਵਿੱਚ ਕੈਨਸੀਨੋ ਨਾਲ ਭਾਈਵਾਲੀ ਟੁੱਟਣ ਤੋਂ ਬਾਅਦ ਵੈਕਸੀਨ ਖਰੀਦਣ ਦਾ ਐਲਾਨ ਕੀਤਾ ਗਿਆ| ਇੱਥੇ ਹੀ ਬੱਸ ਨਹੀਂ ਪਿਛਲੇ ਹਫਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਆਖ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਕਿ ਕੈਨੇਡੀਅਨਾਂ ਨੂੰ ਕੋਵਿਡ-19 ਵੈਕਸੀਨ ਲਈ ਥੋੜ੍ਹਾ ਜ਼ਿਆਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿਉਂਕਿ ਇਹ ਵੈਕਸੀਨ ਪਹਿਲਾਂ ਉਨ੍ਹਾਂ ਦੇਸ਼ਾਂ ਦੇ ਬਸ਼ਿੰਦਿਆਂ ਨੂੰ ਹੀ ਮਿਲੇਗੀ ਜਿੱਥੇ ਉਹ ਤਿਆਰ ਹੋਵੇਗੀ| ਪਰ ਵੈਕਸੀਨ ਤਿਆਰ ਕਰਨ ਵਾਲੀ ਅਮਰੀਕੀ ਕੰਪਨੀ ਮੌਡਰਨਾ ਦੇ ਚੇਅਰਮੈਨ ਨੇ ਦੱਸਿਆ ਕਿ ਪਹਿਲਾਂ ਤੋਂ ਕੀਤੇ ਗਏ ਆਰਡਰ ਮੁਤਾਬਕ ਕੈਨੇਡਾ ਨੂੰ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਇਸ ਵੈਕਸੀਨ ਦੀਆਂ 20 ਮਿਲੀਅਨ ਡੋਜ਼ਾਂ ਜਲਦ ਹੀ ਮਿਲ ਜਾਣਗੀਆਂ|
ਇਸ ਦੌਰਾਨ ਓਟੂਲ ਨੇ ਆਖਿਆ ਕਿ ਆਰਥਿਕ ਰਿਕਵਰੀ ਨੂੰ ਤੇਜ਼ ਕਰਨ ਲਈ ਟਰੂਡੋ ਸਰਕਾਰ ਨੂੰ ਦੋ ਕੰਮ ਕਰਨੇ ਹੋਣਗੇ ਪਹਿਲਾ ਇਹ ਕਿ ਕੈਨੇਡੀਅਨਾਂ ਲਈ ਵੈਕਸੀਨ ਦੀ ਵੰਡ ਕਿਸ ਤਰ੍ਹਾਂ ਕੀਤੀ ਜਾਵੇਗੀ ਇਸ ਲਈ ਬਿਹਤਰ ਯੋਜਨਾ ਤਿਆਰ ਕਰਨ ਤੇ ਦੂਜਾ ਕੋਵਿਡ-19 ਟੈਸਟਾਂ ਦੀ ਗਿਣਤੀ ਵਿੱਚ ਵਾਧਾ ਕਰਨਾ|