ਬਰੈਂਪਟਨ/ਸਟਾਰ ਨਿਊਜ਼:- 9 ਸਤੰਬਰ ਸੋਮਵਾਰ ਨੂੰ ਵੇਲਜ਼ ਆਫ ਕੈਸਲਮੋਰ ਸੀਨੀਅਰ ਕਲੱਬ ਨੇ ਟੋਰੰਟੋ ਜੂ ਦਾ ਤੀਜਾ ਸਫਲ ਟੂਰ ਲਾਇਆ। ਕੋਈ 10 ਕੁ ਵਜੇ ਟ੍ਰੀਲਾਈਨ ਪਾਰਕ ਤੋਂ ਚੱਲ ਕੇ 11 ਵਜੇ ਦੇ ਕਰੀਬ ਜੂ ਦੇ ਮੇਨ ਗੇਟ ਲਾਗੇ ਪਹੁੰਚਿਆ ਗਿਆ।
ਗਰੁਪ ਫੋਟੋ ਖਿੱਚੀ ਗਈ। ਇਸ ਦਿਨ ਸੀਨੀਅਰਸ ਦੀ ਐਂਟਰੀ ਮੁਫਤ ਹੋਣ ਕਰਕੇ ਕਾਫੀ ਰੌਣਕਾਂ ਸਨ। ਅੰਦਰ ‘ਜੂਮਮੋਬਾਈਲ’ ਨਾਂ ਦੀ ਗੱਡੀ ਜੂ ਦਾ ਗੇੜਾ ਲਵਾਉਣ ਲਈ ਉਪਲਬਧ ਸੀ ਸੋ ਕੁਝ ਲੋਕ ਪੈਦਲ ਅਤੇ ਕੁਝ ਗੱਡੀ ਰਾਹੀਂ ਤਰਾਂ੍ਹ ਤਰ੍ਹਾਂ ਦੇ ਜਾਨਵਰਾਂ ਦੀ ਦੁਨਿਆਂ ਦੇਖਣ ਲਈ ਤੁਰ ਪਏ। ਕੁਝ ਜਾਨਵਰਾਂ ਲਈ ਇਨਡੋਰ ਬਾੜੇ ਬਣਾਏ ਗਏ ਸਨ ‘ਤੇ ਬਹੁਤੇ ਖੁੱਲੀ੍ਹ ਜਗਾਹ ਵਿੱਚ ਵਿਚਰ ਰਹੇ ਸਨ। ਕਈ ਜਾਨਵਰ ਆਰਾਮ ਫਰਮਾ ਰਹੇ ਸਨ ਅਤੇ ਭੀੜ ਵੱਲ ਦੇਖ ਹੈਰਾਨੀ ਪ੍ਰਕਟ ਕਰ ਰਹੇ ਸਨ। ਜਾਪਦਾ ਸੀ ਕਹਿ ਰਹੇ ਹੋਣ ‘ਇਹ ਭੀੜਾਂ ਆਰਾਮ ‘ਚ ਖਲਲ ਪਾਉਣ ਕਿੱਧਰੋਂ ਬਹੁੜ ਪਈਆਂ’। ਸਾਥੀ ਜਾਨਵਰ ਦੱਸਦਾ ਹੋਣੈ ‘ ਮੁਫਤ ਦਾ ਮੇਲਾ ਜੁ ਹੋਇਆ’। ਜਗਾ੍ਹ ਜਗ੍ਹਾ ਹਰੇ ਭਰੇ ਪਾਰਕਾਂ ਵਿਚ ਬੈਂਚਾਂ ਸਨ ਜਿੱਥੇ ਬੈਠ ਸਭ ਨਾਲ ਲਿਆਂਦੇ ਭੋਜਨ ਦਾ ਅਨੰਦ ਮਾਣ ਰਹੇ ਸਨ। ਕੋਈ ਸਾਢੇ ਕੁ ਪੰਜ ਵਜੇ ਵਾਪਸੀ ਦਾ ਸਮਾਂ ਮਿਥਿਆ ਗਿਆ ਸੀ ਸੋ ਘਰਾਂ ਨੂੰ ਚਾਲੇ ਪਾਏ ਗਏ। ਪ੍ਰਧਾਨ ਵਤਨ ਸਿੰਘ ਗਿੱਲ, ਜਨਰਲ ਸੈਕਟਰੀ ਹਰਪਾਲ ਸਿੰਘ ਛੀਨਾ, ਰਤਨ ਸਿੰਘ ਚੀਮਾ ਅਤੇ ਸਾਥੀ ਡਾਈਰੈਕਟਰਾਂ ਦੀ ਟੀਮ ਨੇ ਵਧੀਆ ਕਾਰਗੁਜਾਰੀ ਦਿਖਾਂਉਂਦਿਆਂ ਇਸ ਨਵੇਂ ਬਣੇ ਕਲੱਬ ਦੇ ਟੂਰ ਪ੍ਰੋਗ੍ਰਾਮਾਂ ਨੂੰ ਸਿਰੇ ਚਾੜ੍ਹਿਆ। 5 ਅਕਟੂਬਰ ਦਿਨ ਸ਼ਨੀਵਾਰ ਦੋਪੈਹਰ ਇੱਕ ਵਜੇ ਮੇਅਫੀਲਡ ਗੁਰਦਵਾਰੇ ਲਾਗੇ ਬਣੀ ਬਿਲਡਿੰਗ ਵਿੱਚ ਇਸ ਕਲੱਬ ਦੀ ਜਨਰਲ ਬਾਡੀ ਮੀਟਿੰਗ ਅਤੇ ਫੇਅਰਵੈਲ ਮਿਲਣੀ ਦਾ ਪ੍ਰੋਗ੍ਰਾਮ ਰੱਖਿਆ ਗਿਆ ਹੈ ਜਿਸ ਵਿੱਚ ਸਭ ਮੈਂਬਰਾਂ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਕਲੱਬ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਧੰਨਵਾਦ।