ਲੁਧਿਆਣਾ, ਪੰਜਾਬ ਸਰਕਾਰ ਦੇ ਅਦਾਰੇ ‘ਵੇਰਕਾ’ ਵੱਲੋਂ ਪੈਕੇਟ ਉਤੇ ਲਿਖੀ ਮਿਕਦਾਰ ਤੋਂ ਕਥਿਤ ਘੱਟ ‘ਫੈਟ’ ਵਾਲਾ ਦੁੱਧ ਸਪਲਾਈ ਕਰਨ ਦਾ ਦਾਅਵਾ ਕਰਨ ਵਾਲੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਸਾਥੀਆਂ ’ਤੇ ਅਦਾਰੇ ਵੱਲੋਂ ਕੇਸ ਦਰਜ ਕਰਾਏ ਜਾਣ ਨੂੰ ਵਿਧਾਇਕ ਨੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ 14 ਮਹੀਨੇ ਦੇ ਕਾਰਜਕਾਲ ਵਿੱਚ ਹੁਣ ਤੱਕ ਉਨ੍ਹਾਂ ’ਤੇ ਤਿੰਨ ਐਫਆਈਆਰ ਦਰਜ ਹੋ ਚੁੱਕੀਆਂ ਹਨ। ਵਿਧਾਇਕ ਨੇ ਕਿਹਾ ਕਿ ਤਿੰਨਾਂ ਹੀ ਕੇਸਾਂ ਵਿੱਚ ਉਨ੍ਹਾਂ ਲੋਕ ਭਲਾਈ ਨਾਲ ਜੁੜੇ ਤੱਥਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਸਵਾਲ ਕੀਤਾ ਕਿ ਜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਹਿਕਾਰੀ ਸੁਸਾਇਟੀਆਂ ਦੇ ਪਲਾਂਟਾਂ ਵਿੱਚ ਜਾ ਕੇ ਨਿਰੀਖ਼ਣ ਕਰਨ ਦਾ ਹੱਕ ਨਹੀਂ ਤਾਂ ਫਿਰ ਕਿਸ ਨੂੰ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਉਹ ਇਸ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਬੀਤੇ ਮੰਗਲਵਾਰ ਤੋਂ ਸਮਾਂ ਮੰਗ ਰਹੇ ਹਨ, ਪਰ ਸਮਾਂ ਨਹੀਂ ਮਿਲਿਆ। ਆਖ਼ਰ ਉਨ੍ਹਾਂ ਨੇ ਇਹ ਸਾਰੀ ਸ਼ਿਕਾਇਤ ਲਾਈਵ ਵੀਡੀਓ ਵਾਲੀ ਸੀਡੀ ਸਣੇ ਮੁੱਖ ਮੰਤਰੀ ਨੂੰ ਭੇਜ ਦਿੱਤੀ ਹੈ।
ਇਸ ਤੋਂ ਇਲਾਵਾ ਇਕ ਸ਼ਿਕਾਇਤ ਪੰਜਾਬ ਪੁਲੀਸ ਮੁਖੀ ਤੇ ਪੁਲੀਸ ਕਮਿਸ਼ਨਰ ਨੂੰ ਵੀ ਭੇਜੀ ਹੈ। ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਲਾਈਵ ਵੀਡੀਓ ਵਿੱਚ ਸਾਰਾ ਮਾਮਲਾ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਜੇ ਲਾਏ ਦੋਸ਼ ਗਲਤ ਸਾਬਿਤ ਹੁੰਦੇ ਹਨ ਤਾਂ ਉਹ ਸਜ਼ਾ ਭੁਗਤਣ ਲਈ ਤਿਆਰ ਹਨ। ਵਿਧਾਇਕਾਂ ਨੇ ਕਿਹਾ ਕਿ ਹੁਣ ਕਾਂਗਰਸ ਵੀ ਅਕਾਲੀਆਂ ਦੇ ਰਾਹ ਤੁਰ ਪਈ ਹੈ, ਜਿਨ੍ਹਾਂ 13 ਐਫਆਈਆਰਜ਼ ਉਨ੍ਹਾਂ ਖ਼ਿਲਾਫ਼ ਦਰਜ ਕਰਾਈਆਂ ਹਨ। ਉਨ੍ਹਾਂ ਕਿਹਾ ਕਿ ਉਹ 5 ਕੇਸਾਂ ਵਿੱਚੋਂ ਬਰੀ ਵੀ ਹੋ ਚੁੱਕੇ ਹਨ। ਵਿਧਾਇਕਾਂ ਨੇ ਕਿਹਾ ਕਿ ਵੱਖ-ਵੱਖ ਮਾਮਲਿਆਂ ਵਿੱਚ ਉਨ੍ਹਾਂ ਖ਼ਿਲਾਫ਼ ਲਾਈਆਂ ਧਾਰਾਵਾਂ ਇੱਕੋ ਜਿਹੀਆਂ ਹੀ ਹਨ।

ਸਾਰੀਆਂ ਲੋਕ ਸਭਾ ਸੀਟਾਂ ’ਤੇ ਚੋਣ ਲੜੇਗੀ ਲੋਕ ਇਨਸਾਫ਼ ਪਾਰਟੀ

ਸੂਬੇ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਨਾਲ ਗੱਠਜੋੜ ਕਰਕੇ 6 ਵਿਧਾਨ ਸਭਾ ਹਲਕਿਆਂ ਵਿੱਚ ਚੋਣ ਲੜ ਚੁੱਕੀ ‘ਲੋਕ ਇਨਸਾਫ਼ ਪਾਰਟੀ’ ਨੇ 2019 ਵਿੱਚ ਲੋਕ ਸਭਾ ਚੋਣਾਂ ਸਾਰੇ ਹਲਕਿਆਂ ਤੋਂ ਲੜਨ ਦਾ ਐਲਾਨ ਕੀਤਾ ਹੈ। ਅੱਜ ਵਿਸ਼ੇਸ਼ ਗੱਲਬਾਤ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦਾਅਵਾ ਕੀਤਾ ਕਿ ਉਹ ਸੂਬੇ ਦੀਆਂ 13 ਲੋਕ ਸਭਾ ਸੀਟਾਂ ’ਤੇ ਚੋਣ ਲੜਨਗੇ। ਵਿਧਾਇਕ ਬੈਂਸ ਇਸ ਸਬੰਧੀ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨਾਲ ਮੁਲਾਕਾਤ ਵੀ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਈ ਸ਼ਹਿਰਾਂ ਤੇ ਪਿੰਡਾਂ ਵਿੱਚ ਆਪਣੀ ਪਾਰਟੀ ਦੇ ਜਥੇਬੰਦਕ ਢਾਂਚੇ ਐਲਾਨੇ ਹਨ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦੀ ਯੋਜਨਾ ਹੈ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਖੇਤਰੀ ਪਾਰਟੀਆਂ ਦੇ ਗੱਠਜੋੜ ਦਾ ਹਿੱਸਾ ਬਣਨ। ਬੈਂਸ ਭਰਾਵਾਂ ਨੇ ਦਾਅਵਾ ਕੀਤਾ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਤੇ ਭਾਜਪਾ ਦਾ ਸਾਥ ਨਹੀਂ ਦੇਣਗੇ।