ਆਪੀਆ(ਸਮੋਆ), 12 ਜੁਲਾਈ
ਯੂਥ ਓਲੰਪਿਕ ਦੇ ਸੋਨ ਤਗਮਾ ਜੇਤੂ ਜੇਰੇਮੀ ਲਾਲਰਿਨੁੰਗਾ ਨੇ ਵੀਰਵਾਰ ਨੂੰ ਇਥੇ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ ਤੀਜੇ ਦਿਨ ਤਿੰਨ ਰਿਕਾਰਡ ਤੋੜੇ ਪਰ ਉਹ ਕਲੀਨ ਅਤੇ ਜਰਕ ਵਿੱਚ ਵਜ਼ਨ ਨਹੀਂ ਚੁੱਕ ਸਕਿਆ।
ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 16 ਸਾਲ ਦੇ ਜੇਰੇਮੀ ਨੇ 67 ਕਿਲੋਗ੍ਰਾਮ ਵਰਗ ਵਿੱਚ ਸਨੈਚ ਵਰਗ ਵਿੱਚ 136 ਕਿਲੋਗ੍ਰਾਮ ਵਜ਼ਨ ਚੁੱਕ ਕੇ ਯੂਥ ਵਿਸ਼ਵ, ਏਸ਼ਿਆਈ ਅਤੇ ਰਾਸ਼ਟਰਮੰਡਲ ਰਿਕਾਰਡ ਤੋੜੇ। ਇਸ ਤੋਂ ਪਹਿਲਾਂ ਯੂਥ ਵਿਸ਼ਵ ਅਤੇ ਏਸ਼ਿਆਈ ਰਿਕਾਰਡ ਜੇਰੇਮੀ ਦੇ ਹੀ ਨਾਂ ਸਨ। ਉਸ ਨੇ ਅਪਰੈਲ ਵਿੱਚ ਚੀਨ ਦੇ ਨਿੰਗਬੋ ਵਿੱਚ 134 ਕਿਲੋਗ੍ਰਾਮ ਵਜ਼ਨ ਚੁੱਕਿਆ ਸੀ।
ਮਿਜ਼ੋਰਮ ਦਾ ਇਹ ਵੇਟਲਿਫਟਰ ਕਲੀਨ ਐਂਡ ਜਰਕ ਵਿੱਚ ਵਜ਼ਨ ਨਹੀਂ ਚੁੱਕ ਸਕਿਆ, ਜਿਸ ਕਾਰਨ ਉਸ ਦਾ ਕੁਲ ਵਜ਼ਨ ਬਹੁਤ ਘੱਟ ਰਿਹਾ। ਇਹ ਸੋਨ ਤਗਮਾ ਪੱਧਰ ਦਾ ਓਲੰਪਿਕ ਕੁਆਲੀਫਾਈਂੰਗ ਮੁਕਾਬਲਾ ਹੈ, ਜਿਸ ਦੇ ਅੰਕ ਟੋਕੀਓ 2020 ਖੇਡਾਂ ਦੀ ਅੰਤਿਮ ਰੈਂਕਿੰਗ ਦੇ ਕੱਟ ਵਿੱਚ ਵਰਤੇ ਜਾਣਗੇ। ਹੋਰਨਾਂ ਭਾਰਤੀ ਵੇਟਲਿਫਟਰਾਂ ਵਿੱਚ ਅਚਿੰਤਾ ਸ਼ਿਉਲੀ ਨੇ ਸੀਨੀਅਰ ਅਤੇ ਜੂਨੀਅਰ ਪੁਰਸ਼ਾਂ ਦੇ 73 ਕਿਲੋ ਵਰਗ ਵਿੱਚ ਕੁਲ 305 ਕਿਲੋਗ੍ਰਾਮ (136 ਅਤੇ 169 ਕਿਲੋ) ਵਜ਼ਨ ਚੁੱਕ ਕੇ ਸੋਨ ਤਗਮੇ ਜਿੱਤੇ। ਔਰਤਾਂ ਦੇ 76 ਕਿਲੋ ਵਰਗ ਵਿੱਚ ਮਨਪ੍ਰੀਤ ਕੌਰ ਨੇ 207 ਕਿਲੋਗ੍ਰਾਮ (91 ਅਤੇ 116 ਕਿਲੋ) ਵਜ਼ਨ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ। ਰਾਸ਼ਟਰਮੰਡਲ ਚੈਂਪੀਅਨਸ਼ਿਪ, ਯੂਥ, ਜੁੂਨੀਅਰ ਅਤੇ ਸੀਨੀਅਰ ਵਰਗ ਵਿੱਚ ਸਾਂਝੇ ਤੌਰ ’ਤੇ ਕਰਵਾਈ ਜਾ ਰਹੀ ਹੈ।