ਚੰਡੀਗੜ੍ਹ, 26 ਸਤੰਬਰ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਹ ਹਜ਼ਾਰ ਕਰੋੜ ਦੇ ਕਰਜ਼ੇ ਦਾ ਲੇਖਾ-ਜੋਖਾ ਪੇਸ਼ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਡੇਢ ਵਰ੍ਹੇ ਦੇ ਕਾਰਜਕਾਲ ਦੌਰਾਨ ਕਰੀਬ 47,109 ਕਰੋੜ ਦਾ ਕਰਜ਼ਾ ਚੁੱਕਿਆ ਹੈ, ਜਿਸ ਵਿਚੋਂ 57 ਫ਼ੀਸਦੀ ਰਕਮ ਤਾਂ ਪਿਛਲੀਆਂ ਸਰਕਾਰਾਂ ਵੱਲੋਂ ਚੁੱਕੇ ਕਰਜ਼ੇ ਦੇ ਵਿਆਜ ਵਜੋਂ ਤਾਰੀ ਗਈ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਰਕਾਰ ਤੋਂ ਪੰਜਾਬ ਸਿਰ ਚੜ੍ਹੇ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੀ ਤਫ਼ਸੀਲ ਅਤੇ ਇਸ ਕਰਜ਼ੇ ਦੀ ਵਰਤੋਂ ਦਾ ਵਿਸਥਾਰ ਮੰਗਿਆ ਸੀ। ਵਿਰੋਧੀ ਧਿਰਾਂ ਨੇ ਵੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਸੀ।
ਵਿੱਤ ਮੰਤਰੀ ਚੀਮਾ ਨੇ ਅੱਜ ਮੀਡੀਆ ਕੋਲ ਇਹ ਤੱਥ ਨਸ਼ਰ ਕੀਤੇ ਹਨ ਕਿ ਇਹ ਕਰਜ਼ਾ ਕਿੱਥੇ ਕਿੱਥੇ ਵਰਤਿਆ ਗਿਆ ਹੈ। ਚੀਮਾ ਨੇ ਰਾਜਪਾਲ ਅਤੇ ਵਿਰੋਧੀ ਧਿਰਾਂ ’ਤੇ ਤਿੱਖੇ ਹਮਲੇ ਵੀ ਕੀਤੇ। ਉਨ੍ਹਾਂ ਦੱਸਿਆ ਕਿ ਲੰਘੇ ਡੇਢ ਸਾਲ ਦੌਰਾਨ 50 ਹਜ਼ਾਰ ਕਰੋੜ ਦਾ ਨਹੀਂ ਬਲਕਿ 47,109 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਗਿਆ ਹੈ ਜਿਸ ’ਚੋਂ 27,106 ਕਰੋੜ ਰੁਪਏ ਤਾਂ ਪੁਰਾਣੇ ਕਰਜ਼ ਦੇ ਵਿਆਜ ਵਜੋਂ ਮੋੜੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿੱਤੀ ਵਰ੍ਹੇ 2022-23 ਦੌਰਾਨ 32,448 ਕਰੋੜ ਅਤੇ ਚਲੰਤ ਵਰ੍ਹੇ 2023 ਤੋਂ 31 ਅਗਸਤ 2023 ਤੱਕ 14,661 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ। ਵਿੱਤੀ ਮੰਤਰੀ ਨੇ 47,109 ਕਰੋੜ ਦੇ ਕਰਜ਼ੇ ਦੇ ਜਵਾਬ ਵਜੋਂ 48,530 ਕਰੋੜ ਦੇ ਤੱਥ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਇਸ ਕਰਜ਼ੇ ’ਚੋਂ 10,208 ਕਰੋੜ ਰੁਪਏ ਪੂੰਜੀਗਤ ਖ਼ਰਚੇ ’ਤੇ ਲਾਏ ਗਏ ਹਨ ਅਤੇ ਇਸੇ ਤਰ੍ਹਾਂ ਪੰਜਾਬ ਰਾਜ ਸਹਿਕਾਰੀ ਖੇਤੀ ਵਿਕਾਸ ਬੈਂਕ ਅਤੇ ਪਨਸਪ ਦੇ 1148 ਕਰੋੜ ਦੇ ਕਰਜ਼ੇ ਨੂੰ ਵੀ ਸਹਿਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੇ ਬਿਜਲੀ ਸਬਸਿਡੀ ਵਜੋਂ 2556 ਕਰੋੜ ਦੇ ਬਕਾਏ ਨੂੰ ਵੀ ਤਾਰਿਆ ਗਿਆ ਹੈ। ਇਵੇਂ ਹੀ ਗੰਨਾ ਕਾਸ਼ਤਕਾਰਾਂ ਦੇ 1008 ਕਰੋੜ, ਕੇਂਦਰੀ ਸਪਾਂਸਰਡ ਸਕੀਮਾਂ ਦੇ 1750 ਕਰੋੜ ਅਤੇ ਪੇਂਡੂ ਵਿਕਾਸ ਫ਼ੰਡ ਦੇ 798 ਕਰੋੜ ਰੁਪਏ ਤਾਰੇ ਗਏ ਹਨ। ਚੀਮਾ ਨੇ ਦੱਸਿਆ ਕਿ ਸਿੰਕਿੰਗ ਫ਼ੰਡ ਵਿਚ ਵੀ ਚਾਰ ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ 32 ਹਜ਼ਾਰ ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਦੇ ਕਰਜ਼ੇ ਦੀ ਸੌਗਾਤ ਦਿੱਤੀ ਗਈ ਸੀ, ਪਰ ਮੌਜੂਦਾ ਸਰਕਾਰ ਇਸ ਕਰਜ਼ੇ ਦੀ ਵਿਆਜ ਦਰ 7.35 ਫ਼ੀਸਦੀ ਕਰਾਉਣ ਵਿਚ ਸਫ਼ਲ ਰਹੀ ਹੈ, ਜਿਸ ਨਾਲ ਕਰੀਬ 3500 ਕਰੋੜ ਰੁਪਏ ਦੀ ਬੱਚਤ ਹੋਈ ਹੈ। ਚੀਮਾ ਨੇ ਸੂਬੇ ਵਿਚ ਜੀਐੱਸਟੀ ਵਿਚ 17 ਫ਼ੀਸਦੀ, ਆਬਕਾਰੀ ਮਾਲੀਏ ਵਿਚ 44 ਫ਼ੀਸਦੀ, ਵਾਹਨਾਂ ਤੋਂ ਟੈਕਸਾਂ ਵਿਚ 13 ਫ਼ੀਸਦੀ, ਸਟੈਂਪ ਅਤੇ ਰਜਿਸਟ੍ਰੇਸ਼ਨ ਤੋਂ ਮਾਲੀਏ ਵਿਚ 3 ਫ਼ੀਸਦੀ ਵਾਧਾ ਹੋਣ ਦੀ ਗੱਲ ਵੀ ਰੱਖੀ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਇਕੱਲਾ ਕਰਜ਼ਾ ਨਹੀਂ ਚੁੱਕ ਰਿਹਾ ਹੈ ਬਲਕਿ ਦੂਜੇ ਸੂਬੇ ਵੀ ਕਰਜ਼ਾ ਲੈ ਰਹੇ ਹਨ।