ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿੱਤ ਮੰਤਰੀ ਤੇ ਖੁਰਾਕ ਮੰਤਰੀ ਨਾਲ ਵੀ ਕਰਨਗੇ ਮੁਲਾਕਾਤ
ਚੰਡੀਗੜ੍ਹ, 7 ਫਰਵਰੀ
ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਨਵੀਂ ਦਿੱਲੀ ’ਚ ਕੇਂਦਰੀ ਵਿੱਤ ਮੰਤਰਾਲੇ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਜਿਣਸੀ ਕਰਜ਼ਿਆਂ ਦਾ ਹੱਲ ਕੱਢਣ ਸਮੇਤ ਰਾਜ ਨਾਲ ਸਬੰਧਤ ਕਈ ਹੋਰ ਅਹਿਮ ਮਸਲਿਆਂ ’ਤੇ ਚਰਚਾ ਕੀਤੀ। ਮੀਟਿੰਗ ਵਿੱਚ ਕੁਝ ਸਕੀਮਾਂ ਦਾ ਮੁਲਾਂਕਣ ਵੀ ਕੀਤਾ ਗਿਆ। ਅਧਿਕਾਰੀਆਂ ਦੇ ਵਫ਼ਦ ਵਿੱਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਿੱਤ ਸਕੱਤਰ ਅਨੀਰੁਧ ਤਿਵਾੜੀ ਅਤੇ ਖੁਰਾਕ ਅਤੇ ਸਪਲਾਈ ਸਕੱਤਰ ਕੇ.ਏ.ਪੀ. ਸਿਨਹਾ ਸ਼ਾਮਲ ਸਨ। ਮੀਟਿੰਗਾਂ ਦੌਰਾਨ ਸੂਬੇ ਦੇ ਬਜਟ, ਜਿਣਸਾਂ ਦੇ 31,000 ਕਰੋੜ ਰੁਪਏ ਦੇ ਕਰਜ਼ੇ ਨੂੰ ਐਡਜਸਟ ਕਰਨ ਸਮੇਤ ਹੋਰ ਮਸਲੇ ਵਿਚਾਰੇ ਗਏ। ਜਿਣਸੀ ਕਰਜ਼ੇ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਲਕੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਕੇਂਦਰੀ ਖੁਰਾਕ ਤੇ ਸਪਲਾਈ ਮੰਤਰੀ ਰਾਮ ਬਿਲਾਸ ਪਾਸਵਾਨ ਤੋਂ ਮੀਟਿੰਗ ਲਈ ਸਮਾਂ ਮੰਗਿਆ ਹੈ। ਜਾਣਕਾਰੀ ਅਨੁਸਾਰ ਸੂਬੇ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਨੇ ਕੇਂਦਰੀ ਸਕੀਮਾਂ ਦੇ ਮੁਲਾਂਕਣ ਤੇ ਜਿਣਸੀ ਕਰਜ਼ੇ ਦਾ ਹੱਲ ਕੱਢਣ ਸਮੇਤ ਕੁਝ ਹੋਰ ਸਕੀਮਾਂ ਬਾਰੇ ਚਰਚਾ ਕੀਤੀ। ਇਸ ਦਿਸ਼ਾ ਵਿੱਚ ਇਕ ਹੋਰ ਮੀਟਿੰਗ ਕੀਤੇ ਜਾਣ ਦੀ ਸੰਭਾਵਨਾ ਹੈ। ਮੀਟਿੰਗ ਵਿੱਚ ਪੰਜਾਬ ਦੇ ਅਗਲੇ ਮਹੀਨੇ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਕੇਂਦਰੀ ਗ੍ਰਾਂਟਾਂ ਦੇ ਰੂਪ ਵਿੱਚ ਮਿਲਣ ਵਾਲੇ ਹਿੱਸੇ ਬਾਰੇ ਵੀ ਚਰਚਾ ਕੀਤੀ ਗਈ। ਸੂਬੇ ਦੇ ਅਧਿਕਾਰੀਆਂ ਨੇ ਜੀਐਸਟੀ ਦਾ ਪੈਸਾ ਮਹੀਨੇ ਦੇ ਸ਼ੁਰੂ ਵਿੱਚ ਦੇਣ ’ਤੇ ਜ਼ੋਰ ਦਿਤਾ ਤਾਂ ਕਿ ਤਨਖਾਹਾਂ ਦਾ ਭੁਗਤਾਨ ਹਰੇਕ ਮਹੀਨੇ ਦੇ ਪਹਿਲੀ ਹਫ਼ਤੇ ਹੋ ਸਕੇ। ਪੈਸਾ ਮਿਲਣ ਵਿੱਚ ਦੇਰੀ ਕਰਕੇ ਸੂਬਾ ਸਰਕਾਰ ਨੂੰ ਗੰਭੀਰ ਸੰਕਟ ਦਰਪੇਸ਼ ਹੈ ਤੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਕਿਸ਼ਤਾਂ ਵਿੱਚ ਤਨਖਾਹਾਂ ਦੇਣੀਆਂ ਪੈ ਰਹੀਆਂ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੱਤਾ ਸੰਭਾਲਣ ਮਗਰੋਂ 31,000 ਕਰੋੜ ਰੁਪਏ ਦਾ ਹੱਲ ਕੱਢਣ ਲਈ ਇਹ ਮਾਮਲਾ ਕੇਂਦਰੀ ਮੰਤਰੀ ਅਰੁਣ ਜੇਤਲੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾ ਚੁੱਕੇ ਹਨ, ਪਰ ਅਜੇ ਤਕ ਕੋਈ ਠੋਸ ਕਾਰਵਾਈ ਨਹੀਂ ਹੋ ਸਕੀ। ਪੰਜਾਬ ਸਰਕਾਰ ਕਰਜ਼ੇ ਦੀ ਕਿਸ਼ਤ ਦੇ ਰੂਪ ਵਿੱਚ ਹਰ ਸਾਲ ਛੱਤੀ ਸੌ ਕਰੋੜ ਰੁਪਏ ਵਿਆਜ ਦੇ ਰੂਪ ਵਿੱਚ ਅਦਾ ਕਰਦੀ ਹੈ। ਪੰਜਾਬ ਸਰਕਾਰ ਦਾ ਤਰਕ ਹੈ ਕਿ ਇਸ ਕਰਜ਼ੇ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਮਸਲੇ ਦਾ ਹੱਲ ਕੱਢਿਆ ਜਾਵੇ। ਇਕ ਹਿੱਸਾ ਬੈਂਕ, ਇਕ ਹਿੱਸਾ ਕੇਂਦਰੀ ਖੁਰਾਕ ਮੰਤਰਾਲਾ ਸਹਿਣ ਕਰੇ ਤੇ ਇਕ ਹਿੱਸਾ ਪੰਜਾਬ ਸਹਿਣ ਲਈ ਤਿਆਰ ਹੈ। ਇਸ ਤਜਵੀਜ਼ ਦੇ ਪ੍ਰਵਾਨ ਹੋਣ ਨਾਲ ਰਾਜ ਸਰਕਾਰ ਨੂੰ ਵੱਡੀ ਰਾਹਤ ਮਿਲੇਗੀ।
ਕੈਪਟਨ ਵੱਲੋਂ ਮੇਨਕਾ ਗਾਂਧੀ ਨਾਲ ਮੁਲਾਕਾਤ
ਨਵੀਂ ਦਿੱਲੀ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨੇ ਕੈਪਟਨ ਨੂੰ ਪੰਜਾਬ ਵਿੱਚ ਸ਼ਰਤ ਲਾ ਕੇ ਕੁੱਤਿਆਂ ਦੀ ਲੜਾਈ ਕਰਵਾਉਣ ਦੀ ਵਧ ਰਹੀ ਅਲਾਮਤ ਬਾਰੇ ਦੱਸਿਆ। ਕੈਪਟਨ ਨੇ ਸਾਰੇ ਮਾਮਲੇ ਦੀ ਵਿਸਥਾਰਤ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ| ਮੁੱਖ ਮੰਤਰੀ ਨੇ ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਤੋਂ ਮਦਦ ਮੰਗੀ| ਸ੍ਰੀਮਤੀ ਗਾਂਧੀ ਨੇ ਸਮੱਸਿਆ ਤੋਂ ਨਿਜਾਤ ਲਈ ਪਸ਼ੂਆਂ ’ਤੇ ਜ਼ੁਲਮ ਰੋਕਣ ਸਬੰਧੀ ਸੁਸਾਇਟੀ ਦੇ ਯੂਨਿਟ ਸਥਾਪਿਤ ਕਰਨ ਦਾ ਸੁਝਾਅ ਦਿੱਤਾ| ਉਨ੍ਹਾਂ ਕੁੱਤਿਆਂ ਦੀ ਨਸਬੰਦੀ ਦਾ ਸੁਝਾਅ ਵੀ ਦਿੱਤਾ|