ਵਿੰਬਲਡਨ:ਵਿੰਬਲਡਨ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਵੇਂ ਸਮੀਕਰਨ ਬਣਦੇ ਜਾ ਰਹੇ ਹਨ। 2019 ਦੀ ਮਹਿਲਾ ਚੈਂਪੀਅਨ ਸਿਮੋਨਾ ਹਾਲੇਪ ਵਿੰਬਲਡਨ ਦੇ ਡਰਾਅ ਤੋਂ ਐਨ ਪਹਿਲਾਂ ਸੱਟ ਲੱਗਣ ਕਾਰਨ ਬਾਹਰ ਹੋ ਗਈ ਹੈ। ਹਾਲੇਪ ਤੋਂ ਪਹਿਲਾਂ ਨਾਓਮੀ ਓਸਾਕਾ ਨੇ ਵੀ ਇਸ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ ਜਿਸ ਨਾਲ ਸਪਸ਼ਟ ਹੋ ਗਿਆ ਹੈ ਕਿ ਵਰਲਡ ਟੈਨਿਸ ਰੈਂਕਿੰਗ ਦੀ ਸਿਖਰਲੀਆਂ ਤਿੰਨ ਖਿਡਾਰਨਾਂ ਵਿਚੋਂ ਦੋ ਇਸ ਮੁਕਾਬਲੇ ਤੋਂ ਬਾਹਰ ਹੋ ਗਈਆਂ ਹਨ। ਇਸ ਤੋਂ ਇਲਾਵਾ ਅੱਜ ਜਾਰੀ ਹੋਏ ਡਰਾਅ ਵਿਚ ਨੋਵਾਕ ਜੋਕੋਵਿਚ ਤੇ ਰੋਜਰ ਫੈਡਰਰ ਨੂੰ ਵੱਖ-ਵੱਖ ਗਰੁੱਪਾਂ ਵਿਚ ਰੱਖਿਆ ਗਿਆ ਹੈ ਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਫਾਈਨਲ ਵਿਚ ਭਿੜ ਸਕਦੇ ਹਨ। ਸਿਖਰਲਾ ਦਰਜਾ ਪ੍ਰਾਪਤ ਜੋਕੋਵਿਚ ਕਾਫੀ ਅਰਸੇ ਬਾਅਦ ਘਾਹ ਵਾਲੇ ਮੈਦਾਨ ਵਿਚ ਖੇਡੇਗਾ। ਉਸ ਦੀ ਨਜ਼ਰ 20ਵੇਂ ਵੱਡੇ ਖਿਤਾਬ ਨੂੰ ਹਾਸਲ ਕਰਨ ’ਤੇ ਹੈ। ਇਸ ਖਿਤਾਬ ਨਾਲ ਫੈਡਰਰ ਰਾਫੇਲ ਨਡਾਲ ਦੀ ਬਰਾਬਰੀ ਕਰ ਸਕਦਾ ਹੈ।