ਚੇਨੱਈ, 16 ਦਸੰਬਰ
ਸ਼ਾਈ ਹੋਪ ਅਤੇ ਸ਼ਿਮਰੌਨ ਹੈਟਮਾਇਰ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਵੈਸਟ ਇੰਡੀਜ਼ ਨੇ ਅੱਜ ਇੱਥੇ ਮੇਜ਼ਬਾਨ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ। ਇਸ ਤੋਂ ਪਹਿਲਾਂ ਬੱਲੇਬਾਜ਼ੀ ਲਈ ਉਤਰੇ ਭਾਰਤ ਦੇ ਸੀਨੀਅਰ ਬੱਲੇਬਾਜ਼ਾਂ ਦੇ ਛੇਤੀ ਆਊਟ ਹੋਣ ਮਗਰੋਂ ਰਿਸ਼ਭ ਪੰਤ ਦੇ ਨੀਮ ਸੈਂਕੜੇ ਦੀ ਮਦਦ ਨਾਲ ਮੇਜ਼ਬਾਨ ਟੀਮ ਨੇ ਅੱਠ ਵਿਕਟਾਂ ਗੁਆ ਕੇ 288 ਦੌੜਾਂ ਦਾ ਟੀਚਾ ਦਿੱਤਾ। ਪੰਤ ਦਾ ਆਪਣੇ ਇੱਕ ਰੋਜ਼ਾ ਕਰੀਅਰ ਦਾ ਇਹ ਪਹਿਲਾ ਨੀਮ ਸੈਂਕੜਾ ਹੈ।
ਟੀਚੇ ਦਾ ਪਿੱਛਾ ਕਰਨ ਉਤਰੇ ਵੈਸਟ ਇੰਡੀਜ਼ ਦੇ ਹੈਟਮਾਇਰ ਨੇ ਤੇਜ਼ ਤਰਾਰ ਪਾਰੀ ਖੇਡੀ। ਉਸ ਨੇ 106 ਗੇਂਦਾਂ ਦਾ ਸਾਹਮਣਾ ਕਰਦਿਆਂ ਸੱਤ ਛੱਕੇ ਅਤੇ 11 ਚੌਕਿਆਂ ਦੀ ਮਦਦ ਨਾਲ 139 ਦੌੜਾਂ ਦੀ ਪਾਰੀ ਖੇਡੀ, ਜਦੋਂਕਿ ਸਲਾਮੀ ਬੱਲੇਬਾਜ਼ ਸ਼ਾਈ ਹੋਪ (151 ਗੇਂਦਾਂ ’ਤੇ ਨਾਬਾਦ 102 ਦੌੜਾਂ) ਨੇ ਸੁਨੀਲ ਅੰਬਰੀਸ (ਨੌਂ ਦੌੜਾਂ) ਅਤੇ (ਨਾਬਾਦ 29 ਦੌੜਾਂ) ਨਾਲ ਭਾਈਵਾਲੀ ਨਿਭਾਉਂਦਿਆਂ ਵਿੰਡੀਜ਼ ਨੂੰ 47.5 ਓਵਰਾਂ ਵਿੱਚ 291 ਦੌੜਾਂ ਬਣਾ ਕੇ ਜਿੱਤ ਦਿਵਾਈ। ਭਾਰਤ ਵੱਲੋਂ ਮੁਹੰਮਦ ਸ਼ਮੀ ਤੇ ਦੀਪਕ ਚਾਹਰ ਨੇ ਇੱਕ-ਇੱਕ ਵਿਕਟ ਲਈ
ਬੱਲੇਬਾਜ਼ੀ ਕ੍ਰਮ ਦੇ ਨੰਬਰ ਚਾਰ ’ਤੇ ਆਪਣੀ ਥਾਂ ਬਣਾਉਣ ਵਿੱਚ ਜੁਟੇ ਸ਼੍ਰੇਅਸ ਅਈਅਰ (88 ਗੇਂਦਾਂ ’ਤੇ 70 ਦੌੜਾਂ) ਅਤੇ ਪੰਤ (69 ਗੇਂਦਾਂ ’ਤੇ 71 ਦੌੜਾਂ) ਨੇ ਚੌਥੀ ਵਿਕਟ ਲਈ 114 ਦੌੜਾਂ ਦੀ ਭਾਈਵਾਲੀ ਕਰਕੇ ਭਾਰਤ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ। ਭਾਰਤ ਨੇ ਸੱਤਵੇਂ ਓਵਰ ਵਿੱਚ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ (ਛੇ ਦੌੜਾਂ) ਅਤੇ ਕਪਤਾਨ ਵਿਰਾਟ ਕੋਹਲੀ (ਚਾਰ ਦੌੜਾਂ) ਦੀਆਂ ਵਿਕਟਾਂ ਗੁਆ ਲਈਆਂ ਸਨ। ਇਨ੍ਹਾਂ ਦੋਵਾਂ ਨੂੰ ਸ਼ੈਲਡਰ ਕੋਟਰੇਲ ਨੇ ਪੈਵਿਲੀਅਨ ਭੇਜਿਆ। ਰੋਹਿਤ ਸ਼ਰਮਾ (56 ਗੇਂਦਾਂ ’ਤੇ 36 ਦੌੜਾਂ) ਨੂੰ ਦੌੜਾਂ ਬਣਾਉਣ ਲਈ ਸੰਘਰਸ਼ ਕਰਨਾ ਪਿਆ, ਜਿਸ ਮਗਰੋਂ ਅਈਅਰ ਅਤੇ ਪੰਤ ਨੇ ਪਾਰੀ ਨੂੰ ਸੰਭਾਲਿਆ। ਅਈਅਰ ਦਾ ਇਹ ਲਗਾਤਾਰ ਤੀਜਾ ਅਰਧ ਸੈਂਕੜਾ ਹੈ। ਆਖ਼ਰੀ ਓਵਰਾਂ ਵਿੱਚ ਕੇਦਾਰ ਜਾਧਵ (35 ਗੇਂਦਾਂ ’ਤੇ 40 ਦੌੜਾਂ) ਅਤੇ ਰਵਿੰਦਰ ਜਡੇਜਾ (21 ਗੇਂਦਾਂ ’ਤੇ 21 ਦੌੜਾਂ) ਨੇ ਵੀ ਅਰਧ ਸੈਂਕੜੇ ਵਾਲੀ ਭਾਈਵਾਲੀ ਕੀਤੀ। ਵੈਸਟ ਇੰਡੀਜ਼ ਵੱਲੋਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਕੋਟਰੇਲ, ਕੀਮੋ ਪਾਲ ਅਤੇ ਅਲਜ਼ਾਰੀ ਜੋਸੇਫ਼ ਨੇ ਦੋ-ਦੋ ਵਿਕਟਾਂ ਲਈਆਂ।
ਭਾਰਤੀ ਟੀਮ ਹੌਲੀ ਪਿੱਚ ’ਤੇ 19ਵੇਂ ਓਵਰ ਵਿੱਚ ਤਿੰਨ ਵਿਕਟਾਂ ’ਤੇ 80 ਦੌੜਾਂ ਦੇ ਸਕੋਰ ’ਤੇ ਜੂਝ ਰਹੀ ਸੀ। ਇਸ ਮਗਰੋਂ ਪੰਤ ਅਤੇ ਅਈਅਰ ਨੇ ਜ਼ਿੰਮੇਵਾਰੀ ਸੰਭਾਲੀ। ਸ਼ੁਰੂ ਵਿੱਚ ਸੰਭਲ ਕੇ ਖੇਡਣ ਮਗਰੋਂ ਉਸ ਨੇ ਹਵਾ ਵਿੱਚ ਸ਼ਾਟ ਖੇਡਣ ਤੋਂ ਪਰਹੇਜ ਨਹੀਂ ਕੀਤਾ। ਪਾਰੀ ਦਾ ਪਹਿਲਾ ਛੱਕਾ 28ਵੇਂ ਓਵਰ ਵਿੱਚ ਲੱਗਿਆ, ਜਦੋਂ ਪੰਤ ਨੇ ਰੋਸਟਨ ਚੇਜ ਦੀ ਗੇਂਦ ਨੂੰ ਛੇ ਦੌੜਾਂ ਲਈ ਭੇਜਿਆ। ਦੂਜੇ ਪਾਸੇ ਅਈਅਰ ਨੇ ਸਪਿੰਨਰਾਂ ਚੇਜ ਅਤੇ ਹੇਡਨ ਵਾਲਸ਼ ਖ਼ਿਲਾਫ਼ ਕੁੱਝ ਖ਼ੂਬਸੁਰਤ ਕੱਟ ਲਾਏ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਸਪਿੰਨਰਾਂ ਨੂੰ ਚੰਗੀ ਤਰ੍ਹਾਂ ਖੇਡਿਆ। ਟੀ-20 ਲੜੀ ਵਿੱਚ ਪ੍ਰਭਾਵਸ਼ਾਲੀ ਗੇਂਦਬਾਜ਼ੀ ਕਰਨ ਵਾਲੇ ਵਾਲਸ਼ ਨੂੰ ਪਹਿਲਾਂ ਰੋਹਿਤ ਅਤੇ ਮਗਰੋਂ ਅਈਅਰ-ਪੰਤ ਦੀ ਜੋੜੀ ਨੇ ਲੈਅ ਹਾਸਲ ਨਹੀਂ ਕਰਨ ਦਿੱਤੀ। ਉਸ ਨੇ ਪੰਜ ਓਵਰਾਂ ਵਿੱਚ 31 ਦੌੜਾਂ ਦਿੱਤੀਆਂ। ਅਈਅਰ ਦੇ ਆਊਟ ਹੋਣ ਨਾਲ ਪੰਤ ਨਾਲ ਉਸ ਦੀ ਭਾਈਵਾਲੀ ਟੁੱਟੀ। ਪੰਤ ਨੂੰ ਜੀਵਨਦਾਨ ਵੀ ਮਿਲਿਆ। ਉਸ ਨੂੰ ਅਖ਼ੀਰ ਵਿੱਚ ਕੀਰੋਨ ਪੋਲਾਰਡ ਨੇ ਆਊਟ ਕੀਤਾ। ਇਸ ਮਗਰੋਂ ਜਡੇਜਾ ਅਤੇ ਜਾਧਵ ਨੇ ਆਈਪੀਐੱਲ ਵਿੱਚ ਆਪਣੇ ਘਰੇਲੂ ਮੈਦਾਨ ’ਤੇ ਜ਼ਿੰਮੇਵਾਰੀ ਸੰਭਾਲੀ ਅਤੇ ਛੇ ਵਿਕਟਾਂ ਲਈ 59 ਦੌੜਾਂ ਦੀ ਮਹੱਤਵਪੂਰਨ ਭਾਈਵਾਲੀ ਕੀਤੀ। ਜਾਧਵ ਨੇ ਕੀਮੋ ਪਾਲ ਦੀ ਗੇਂਦ ’ਤੇ ਪੋਲਾਰਡ ਨੂੰ ਕੈਚ ਦਿੱਤਾ, ਜਦਕਿ ਜਡੇਜਾ ਨੂੰ ਚੇਜ਼ ਨੇ ਰਨ ਆਊਟ ਕੀਤਾ, ਜਿਸ ਦਾ ਫ਼ੈਸਲਾ ਤੀਜੇ ਅੰਪਾਇਰ ਨੇ ਦਿੱਤਾ। ਜਡੇਜਾ ਨੂੰ ਰਨ ਆਊਟ ਦੇਣ ਦੇ ਢੰਗ ਤੋਂ ਭਾਰਤੀ ਕਪਤਾਨ ਵਿਰਾਟ ਕੋਹਲੀ ਕਾਫ਼ੀ ਖ਼ਫ਼ਾ ਹਨ।