ਮੁੰਬਈ, 26 ਜੂਨ
ਵੈਸਟ ਇੰਡੀਜ਼ ਦੇ ਮਹਾਨ ਕ੍ਰਿਕਟਰ ਬਰਾਇਨ ਲਾਰਾ ਨੂੰ ਬੇਚੈਨੀ ਦੀ ਸ਼ਿਕਾਇਤ ਮਗਰੋਂ ਅੱਜ ਇੱਥੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਉਨ੍ਹਾਂ ਕਿਹਾ ਕਿ ਉਹ ਠੀਕ ਹੈ ਅਤੇ ਬੁੱਧਵਾਰ ਨੂੰ ਛੁੱਟੀ ਮਿਲ ਜਾਵੇਗੀ। ਦੁਨੀਆਂ ਦੇ ਮਹਾਨ ਬੱਲੇਬਾਜ਼ਾਂ ਵਿੱਚ ਸ਼ੁਮਾਰ ਤ੍ਰਿਨਿਦਾਦ ਦੇ 50 ਸਾਲ ਦੇ ਲਾਰਾ ਨੂੰ ਪਰੇਲ ਦੇ ਗਲੋਬਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਕ੍ਰਿਕਟ ਵੈਸਟ ਇੰਡੀਜ਼ ਵੱਲੋਂ ਜਾਰੀ ਕੀਤੇ ਆਡੀਓ ਸੰਦੇਸ਼ ਵਿੱਚ ਲਾਰਾ ਨੇ ਕਿਹਾ, ‘‘ਮੈਨੂੰ ਪਤਾ ਹੈ ਕਿ ਹਰ ਕੋਈ ਮੇਰੀ ਸਿਹਤ ਸਬੰਧੀ ਫ਼ਿਕਰਮੰਦ ਹੈ। ਸਵੇਰੇ ਵੱਧ ਕਸਰਤ ਕਰਨ ਕਾਰਨ ਮੇਰੀ ਛਾਤੀ ਵਿੱਚ ਦਰਦ ਹੋਣ ਲੱਿਗਆ ਸੀ, ਜਿਸ ਨੂੰ ਮੈਂ ਡਾਕਟਰ ਨੂੰ ਵਿਖਾਉਣਾ ਬਿਹਤਰ ਸਮਝਿਆ।’’ ਉਨ੍ਹਾਂ ਿਕਹਾ, ‘‘ਮੈਂ ਹੁਣ ਠੀਕ ਹਾਂ ਅਤੇ ਕੱਲ੍ਹ ਨੂੰ ਆਪਣੇ ਹੋਟਲ ਰੂਮ ਵਿੱਚ ਪਰਤ ਜਾਵਾਂਗਾ।’’
ਲਾਰਾ ਦੇ ਕਰੀਬੀ ਸੂਤਰ ਨੇ ਦੱਸਿਆ, ‘‘ਦੋ ਸਾਲ ਪਹਿਲਾਂ ਉਸ ਦੀ ਐਂਜਿਓਪਲਾਸਟੀ ਹੋਈ ਸੀ ਅਤੇ ਅੱਜ ਉਹ ਲਗਾਤਾਰ ਜਾਂਚ ਲਈ ਗਿਆ ਸੀ ਕਿਉਂਕਿ ਹਮੇਸ਼ਾ ਦਿਲ ਵਿੱਚ ਦਰਦ ਦਾ ਖ਼ਤਰਾ ਰਹਿੰਦਾ ਹੈ।’’
ਲਾਰਾ ਮੌਜੂਦਾ ਵਿਸ਼ਵ ਕੱਪ ਦੇ ਅਧਿਕਾਰਤ ਪ੍ਰਸਾਰਕ ਲਈ ਵਿਸ਼ਲੇਸ਼ਕ ਵਜੋਂ ਭਾਰਤ ਆਇਆ ਸੀ। ਖੱਬੇ ਹੱਥ ਦੇ ਇਸ ਮਹਾਨ ਬੱਲੇਬਾਜ਼ ਨੇ ਵੈਸਟ ਇੰਡੀਜ਼ ਲਈ 131 ਟੈਸਟ ਮੈਚਾਂ ਵਿੱਚ 52.89 ਦੀ ਔਸਤ ਨਾਲ 11953 ਦੌੜਾਂ ਬਣਾਈਆਂ। ਉਸ ਨੇ 299 ਇੱਕ ਰੋਜ਼ਾ ਕੌਮਾਂਤਰੀ ਮੈਚਾਂ ਵਿੱਚ 40.17 ਦੀ ਔਸਤ ਨਾਲ 10405 ਦੌੜਾਂ ਜੋੜੀਆਂ। ਉਹ ਟੈਸਟ ਪਾਰੀ ਵਿੱਚ 400 ਦੌੜਾਂ ਬਣਾਉਣ ਵਾਲਾ ਦੁਨੀਆਂ ਦਾ ਇਕਲੌਤਾ ਬੱਲੇਬਾਜ਼ ਹੈ। ਉਨ੍ਹਾਂ ਨੇ ਇੰਗਲੈਂਡ ਖ਼ਿਲਾਫ਼ ਐਂਟੀਗਾ ਵਿੱਚ 2004 ਵਿੱਚ ਇਹ ਨਾਬਾਦ ਪਾਰੀ ਖੇਡੀ ਸੀ।