ਰਾਏਕੋਟ, 25 ਜੁਲਾਈ
ਸੂਬਾ ਸਰਕਾਰ ਵੱਲੋਂ ਐਲਾਨੀ ਗਈ ਖੇਡ ਪਾਲਿਸੀ ਵਿੱਚ ਓਲੰਪਿਕ ਅਤੇ ਪੈਰਾ ਓਲਪਿੰਕ ਜੇਤੂਆਂ ਸਮੇਤ ਏਸ਼ੀਆ ਅਤੇ ਕੌਮਾਂਤਰੀ ਪੱਧਰ ’ਤੇ ਖੇਡਾਂ ’ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਲਈ ਲੱਖਾਂ-ਕਰੋੜਾਂ ਰੁਪਏ ਦੇ ਨਗਦ ਇਨਾਮਾਂ ਤੋਂ ਇਲਾਵਾ ਸਰਕਾਰੀ ਨੌਕਰੀਆਂ ਦੇਣ ਦੀ ਵੀ ਗੱਲ ਕੀਤੀ ਗਈ ਹੈ, ਪਰ ਸਰਕਾਰ ਇਸ ਖੇਡ ਪਾਲਿਸੀ ਵਿੱਚ ਸਪੈਸ਼ਲ ਓਲਪਿੰਕ ਜੇਤੂ ਖਿਡਾਰੀਆਂ (ਵਿਸ਼ੇਸ਼ ਲੋੜਾਂ ਵਾਲੇ) ਲਈ ਇਨਾਮ ਤਾਂ ਦੂਰ ਉਨ੍ਹਾਂ ਦਾ ਜ਼ਿਕਰ ਵੀ ਕਰਨਾ ਭੁੱਲ ਗਈ ਹੈ। ਜ਼ਿਕਰਯੋਗ ਸਰਕਾਰ ਦੀ ਖੇਡ ਪਾਲਿਸੀ ਵਿੱਚ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਨੂੰ ਵਿਸਾਰਿਆ ਜਾਣਾ ਸਰਕਾਰ ਦੀ ਖੇਡ ਅਤੇ ਖਿਡਾਰੀਆਂ ਪ੍ਰਤੀ ਵਿਤਕਰੇਬਾਜੀ ਦੇ ਰਵੱਈਏ ਨੂੰ ਦਰਸਾਉਂਦਾ ਹੈ। ਵਿਸੇਸ਼ ਲੋੜਾਂ ਵਾਲੇ ਖਿਡਾਰੀਆਂ ਨੂੰ ਸਰਕਾਰੀ ਸਹਾਇਤਾ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਪਿਛਲੇ ਸਾਲ ਮਾਰਚ ਮਹੀਨੇ ਵਿੱਚ ਅਬੂਧਾਬੀ ਵਿੱਚ ਹੋਈਆਂ ਸਪੈਸ਼ਲ ਓਲੰਪਿਕਸ ਖੇਡਾਂ ਵਿੱਚ ਸੂਬੇ ਦੇ ਖਿਡਾਰੀਆਂ ਨੇ 5 ਸੋਨੇ ਦੇ 6 ਚਾਂਦੀ ਅਤੇ 5 ਕਾਂਸੇ ਦੇ ਤਗ਼ਮੇ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਸੀ, ਪਰ ਡੇਢ ਸਾਲ ਬੀਤਣ ਦੇ ਬਾਅਦ ਵੀ ਹੁਣ ਤੱਕ ਸੂਬਾ ਸਰਕਾਰ ਵਲੋਂ ਇਨ੍ਹਾਂ ਜੇਤੂ ਖਿਡਾਰੀਆਂ ਦੀ ਕੋਈ ਸਾਰ ਨਹੀਂ ਲਈ ਗਈ। ਇਸ ਸਬੰਧੀ ਸਪੈਸ਼ਲ ਓਲੰਪਿਕਸ ਦੀ ਪੰਜਾਬ ਕਮੇਟੀ ਦੇ ਮੈਂਬਰ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੀ ਮਿਲੇ ਸਨ, ਜਿਨ੍ਹਾਂ ਨੇ ਉਸ ਸਮੇਂ ਭਰੋਸਾ ਦਿੱਤਾ ਸੀ ਕਿ ਉਹ ਇਸ ਮਾਮਲੇ ’ਤੇ ਪੂਰੀ ਗੰਭੀਰਤਾ ਨਾਲ ਵਿਚਾਰ ਕਰਨਗੇ। ਕਾਫੀ ਸਮਾਂ ਬੀਤਣ ਦੇ ਬਾਵਜੂਦ ਸਰਕਾਰ ਵੱਲੋਂ ਇਨ੍ਹਾਂ ਜੇਤੂ ਖਿਡਾਰੀਆਂ ਨੂੰ ਮਾਣ ਸਨਮਾਨ ਦੇਣ ਸਬੰਧੀ ਕੋਈ ਫੈਸਲਾ ਨਹੀ ਕੀਤਾ ਜਾ ਸਕਿਆ ਹੈ।