ਵਾਸ਼ਿੰਗਟਨ, 7 ਜੂਨ
ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜਯਪਾਲ ਨੇ ਮੰਗਲਵਾਰ ਨੂੰ ਕਿਹਾ ਕਿ ਵਿਸ਼ਵ ਵਿੱਚ ਭਾਰਤ ਦੀ ਬਹੁਤ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਉਨ੍ਹਾਂ ਦੇ ਆਪੋ-ਆਪਣੇ ਸਬੰਧਤ ਮਾਮਲਿਆਂ ’ਚ ਇਕੋ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਨਾਲ ਹੀ ਇਨ੍ਹਾਂ ਦੇਸ਼ਾਂ ਕੋਲ ਇਨ੍ਹਾਂ ਚੁਣੌਤੀਆਂ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰਨ ਦੇ ਵੱਡੇ ਮੌਕੇ ਵੀ ਹਨ।
ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਸਬੰਧ ਵੱਖ-ਵੱਖ ਪੱਧਰਾਂ ’ਤੇ ਕਾਫੀ ਅਹਿਮ ਹਨ। ਉਨ੍ਹਾਂ ਕਿਹਾ, ‘‘ਅਸੀਂ ਦੋ ਲੋਕਤੰਤਰ ਹਾਂ। ਸਾਡੇ ਦੋਹਾਂ ਦੇ ਸੰਵਿਧਾਨ ‘ਅਸੀਂ, ਲੋਕ’ ਨਾਲ ਸ਼ੁਰੂ ਹੁੰਦੇ ਹਨ। ਇਤਿਹਾਸਕ ਤੌਰ ’ਤੇ ਸਾਡੀਆਂ ਕਦਰਾਂ-ਕੀਮਤਾਂ ਇਕੋ ਵਰਗੀਆਂ ਹਨ ਅਤੇ ਸਾਡੀਆਂ ਚੁਣੌਤੀਆਂ ਵੀ ਇਕੋ ਵਰਗੀਆਂ ਹਨ।’’ ਇੱਥੇ ਭਾਰਤੀ-ਅਮਰੀਕੀ ਪ੍ਰਭਾਵ ਸੰਮੇਲਨ ਵਿੱਚ ਪੀਟੀਆਈ ਨਾਲ ਵੱਖਰੇ ਤੌਰ ’ਤੇ ਗੱਲਬਾਤ ਦੌਰਾਨ ਜਯਪਾਲ ਨੇ ਕਿਹਾ, ‘‘ਵਿਸ਼ਵ ਵਿੱਚ ਭਾਰਤ ਦੀ ਬਹੁਤ ਅਹਿਮ ਭੂਮਿਕਾ ਹੈ।’’ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਸਰਕਾਰੀ ਦੌਰੇ ’ਤੇ ਸੱਦਿਆ ਗਿਆ ਹੈ। ਇਸ ਦੌਰੇ ਵਿੱਚ 22 ਜੂਨ ਨੂੰ ਇਕ ਸਰਕਾਰੀ ਭੋਜ ਵੀ ਸ਼ਾਮਲ ਹੈ। ਉਸੇ ਦਿਨ ਮੋਦੀ ਵੱਲੋਂ ਸੰਸਦ ਦੇ ਇਕ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ ਜਾਵੇਗਾ। ਉਹ ਤੀਜੇ ਅਜਿਹੇ ਆਗੂ ਹੋਣਗੇ ਜਿਹੜੇ ਅਮਰੀਕੀ ਸੰਸਦ ਨੂੰ ਦੋ ਵਾਰ ਸੰਬੋਧਨ ਕਰਨਗੇ। ਜਯਪਾਲ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਮੇਰਾ ਮੰਨਣਾ ਹੈ ਕਿ ਦੋਹਾਂ ਦੇਸ਼ਾਂ ਨੂੰ ਇਕੋ ਜਿਹੀਆਂ ਚੁਣੌਤੀਆਂ ਦਰਪੇਸ਼ ਹਨ ਤੇ ਨਾਲ ਹੀ ਦੋਵੇਂ ਦੇਸ਼ਾਂ ਲਈ ਮਿਲ ਕੇ ਕੰਮ ਕਰਨ ਦੇ ਵੱਡੇ ਮੌਕੇ ਵੀ ਹਨ।’’ ਉਨ੍ਹਾਂ ਕਿਹਾ ਕਿ ਉਹ ਪਿਛਲੇ ਸਮੇਂ ਵਿੱਚ ਭਾਰਤ ’ਚ ਮਨੁੱਖੀ ਅਧਿਕਾਰਾਂ ’ਤੇ ਚਿੰਤਾ ਜ਼ਾਹਿਰ ਕਰਦੇ ਰਹੇ ਹਨ। ਉਨ੍ਹਾਂ ਕਿਹਾ, ‘‘ਮੈਂ ਸੋਚਦੀ ਹਾਂ ਜੋ ਕੋਈ ਮੈਨੂੰ ਜਾਣਦਾ ਹੈ ਉਸ ਲਈ ਇਹ ਬਿਲਕੁਲ ਸਪੱਸ਼ਟ ਹੈ ਕਿ ਮੇਰਾ ਧਿਆਨ ਹਮੇਸ਼ਾ ਹਰੇਕ ਵਿਅਕਤੀ ਦੇ ਮਨੁੱਖੀ ਅਧਿਕਾਰਾਂ ’ਤੇ ਕੇਂਦਰਿਤ ਰਿਹਾ ਹੈ। ਇਹ ਅੱਗੇ ਵੀ ਮੇਰੀ ਤਰਜੀਹ ਰਹੇਗੀ। ਮੈਂ ਇਹ ਮੁੱਦੇ ਇੱਥੇ ਅਮਰੀਕਾ ਵਿੱਚ ਆਪਣੀ ਸਰਕਾਰ ਕੋਲ ਵੀ ਉਠਾਉਂਦੀ ਹਾਂ।’’ ਉਨ੍ਹਾਂ ਕਿਹਾ, ‘‘ਮੇਰਾ ਮੰਨਣਾ ਹੈ ਕਿ ਭਾਰਤ ਨੂੰ ਅਸਲ ਵਿੱਚ ਖੁਸ਼ਹਾਲ ਬਣਾਉਣ ਤੇ ਇਸ ਦੀ ਪੂਰੀ ਸਮਰੱਥਾ ਤੱਕ ਪਹੁੰਚਾਉਣ ਲਈ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਦੇਸ਼ ਨੂੰ ਇਕ ਖੁੱਲ੍ਹੇ ਲੋਕਤੰਤਰ ਵਜੋਂ ਰੱਖੀਏ। ਅਜਿਹਾ ਲੋਕਤੰਤਰ ਜਿਹੜਾ ਸਾਰੀਆਂ ਧਾਰਮਿਕ ਘੱਟ ਗਿਣਤੀਆਂ ਦੇ ਅਧਿਕਾਰਾਂ ਦਾ ਸਨਮਾਨ ਕਰਦਾ ਹੋਵੇ। ਮੈਨੂੰ ਆਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਹਰੇਕ ਨਾਗਰਿਕ ਦੇ ਅਧਿਕਾਰਾਂ ਦੀ ਰੱਖਿਆ ਦੇ ਸਮਰੱਥ ਬਣਾਉਣ ਸਬੰਧੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹਨ।’’