ਨਵੀਂ ਦਿੱਲੀ, 10 ਜੁਲਾਈ
ਏਸ਼ਿਆਈ ਚੈਂਪੀਅਨ ਅਮਿਤ ਪੰਘਲ ਸਤੰਬਰ ਵਿੱਚ ਹੋਣ ਵਾਲੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਅੱਠ ਮੈਂਬਰੀ ਟੀਮ ਦੀ ਅਗਵਾਈ ਕਰੇਗਾ। ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਕਾਰਨ ਪੰਘਲ (52 ਕਿਲੋ) ਨੂੰ ਕੋਈ ਟਰਾਇਲ ਨਹੀਂ ਦੇਣਾ ਪਿਆ, ਜਦਕਿ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦਾ ਤਗ਼ਮਾ ਜੇਤੂ ਮਨੀਸ਼ ਕੌਸ਼ਿਕ ਨੇ ਟਰਾਇਲ ਵਿੱਚ ਸ਼ਿਵ ਥਾਪਾ ਨੂੰ ਪਛਾੜ ਕੇ ਨਵੇਂ ਬਣਾਏ 63 ਕਿਲੋ ਵਜ਼ਨ ਵਰਗ ਵਿੱਚ ਥਾਂ ਪੱਕੀ ਕੀਤੀ। ਇਹ ਚੈਂਪੀਅਨਸ਼ਿਪ 7 ਤੋਂ 21 ਸਤੰਬਰ ਨੂੰ ਰੂਸ ਦੇ ਇਕਤੈਰਿਨਬਰਗ ਵਿੱਚ ਹੋਵੇਗੀ।
ਮਨੀਸ਼ ਤੋਂ ਇਲਾਵਾ ਕਵਿੰਦਰ ਸਿੰਘ ਬਿਸ਼ਟ (57 ਕਿਲੋ), ਦੁਰਯੋਧਨ ਸਿੰਘ ਨੇਗੀ (69 ਕਿਲੋ), ਅਸ਼ੀਸ਼ ਕੁਮਾਰ (75 ਕਿਲੋ), ਬ੍ਰਿਜੇਸ਼ ਯਾਦਵ (81 ਕਿਲੋ), ਸੰਜੀਤ (91 ਕਿਲੋ) ਅਤੇ ਸਤੀਸ਼ ਕੁਮਾਰ (91 ਕਿਲੋ ਤੋਂ ਵੱਧ) ਨੇ ਬੀਤੇ ਹਫ਼ਤੇ ਪਟਿਆਲਾ ਵਿੱਚ ਕੌਮੀ ਖੇਡ ਸੰਸਥਾ (ਐਨਆਈਐਸ) ਵਿੱਚ ਹੋਏ ਚੋਣ ਟਰਾਇਲ ਰਾਹੀਂ ਟੀਮ ਵਿੱਚ ਥਾਂ ਬਣਾਈ ਹੈ। ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐਫਆਈ) ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਹਰੇਕ ਵਰਗ ਵਿੱਚੋਂ ਦੋ ਸੀਨੀਅਰ ਮੁੱਕੇਬਾਜ਼ ਟਰਾਇਲ ਵਿੱਚ ਹਿੱਸਾ ਲੈ ਸਕਣਗੇ। ਚੋਣ ਲਈ ਦੋਵਾਂ ਖਿਡਾਰੀਆਂ ਦੇ ਮੌਕੇ ਦੇ ਪ੍ਰਦਰਸ਼ਨ ਨੂੰ ਮਹੱਤਤਾ ਦਿੱਤੀ ਜਾਵੇਗੀ। ਇਹ ਚੈਂਪੀਅਨਸ਼ਿਪ ਪਹਿਲਾਂ ਓਲੰਪਿਕ ਕੋਟੇ ਲਈ ਕੁਆਲੀਫਾਈ ਟੂਰਨਾਮੈਂਟ ਸੀ, ਪਰ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਨੇ ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ (ਏਆਈਬੀਏ) ਵਿੱਚ ਪ੍ਰਸ਼ਾਸਨਿਕ ਅ਼ਤੇ ਵਿੱਤੀ ਕੁਪ੍ਰਬੰਧਨ ਦਾ ਦੋਸ਼ ਲਾਉਂਦਿਆਂ ਉਸ ਨੂੰ 2020 ਓਲੰਪਿਕ ਖੇਡਾਂ ਲਈ ਟੂਰਨਾਮੈਂਟ ਕਰਵਾਉਣ ਤੋਂ ਰੋਕ ਦਿੱਤਾ ਹੈ।