ਉਲਾਨ ਉਦੇ (ਰੂਸ) ਛੇ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਮਹਿਲਾ ਮੁੱਕੇਬਾਜ਼ ਐੱਮਸੀ ਮੇਰੀਕੋਮ (51) ਨੇ ਵੀਰਵਾਰ ਨੂੰ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਦਾਖਲਾ ਹਾਸਲ ਕਰਦਿਆਂ ਅੱਠਵਾਂ ਤਗਮਾ ਪੱਕਾ ਕਰ ਲਿਆ ਹੈ। ਮੇਰੀਕੋਮ ਤੋਂ ਇਲਾਵਾ ਪਹਿਲੀ ਵਾਰ ਖੇਡ ਰਹੀ ਮੰਜੂ ਰਾਣੀ (48 ਕਿੱਲੋ), ਜਮੁਨਾ ਬੋਰੋ (54 ਕਿੱਲੋ) ਤੇ ਤੀਜਾ ਦਰਜਾ ਪ੍ਰਾਪਤ ਲਵਲੀਨਾ ਬੋਰਗੋਹੇਨ (69 ਕਿੱਲੋ ਵਰਗ) ਵੀ ਸੈਮੀਫਾਈਨਲ ’ਚ ਪਹੁੰਚ ਗਈਆਂ ਹਨ। ਜਦਕਿ ਦੋ ਵਾਰ ਦੀ ਕਾਂਸੀ ਦਾ ਤਗਮਾ ਜੇਤੂ ਭਾਰਤੀ ਮੁੱਕੇਬਾਜ਼ ਕਵਿਤਾ ਚਹਿਲ (81+) ਵਰਗ ’ਚ ਬੇਲਾਰੂਸ ਦੀ ਕੈਟਸਿਯਾਰਿਨਾ ਕਾਵਾਲੋਵਾ ਤੋਂ 0-5 ਦੇ ਫਰਕ ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ।
ਭਾਰਤੀ ਮੁੱਕੇਬਾਜ਼ ਮੇਰੀਕੋਮ ਨੇ 51 ਕਿੱਲੋ ਵਰਗ ਦੇ ਕੁਆਰਟਰ ਫਾਈਨਲ ਵਿੱਚ ਵਿਰੋਧੀ ਖਿਡਾਰਨ ਕੋਲੰਬੀਆ ਦੀ ਵੇਲੈਂਸੀਆ ਵਿਕਟੋਰੀਆ ਨੂੰ ਇਕਪਾਸੜ ਮੈਚ ਵਿੱਚ 5-0 ਨਾਲ ਮਾਤ ਦੇ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਜਿੱਤ ਦੇ ਨਾਲ ਹੀ ਮੇਰੀਕੋਮ ਨੇ ਇਸ ਵੱਡੇ ਮੁਕਾਬਲੇ ’ਚ ਸਭ ਤੋਂ ਸਫਲ ਮੁੱਕੇਬਾਜ਼ ਵਜੋਂ ਆਪਣਾ ਰਿਕਾਰਡ ਹੋਰ ਬਿਹਤਰ ਬਣਾ ਲਿਆ ਹੈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਛੇ ਸੋਨ ਅਤੇ ਇੱਕ ਚਾਂਦੀ ਦਾ ਤਗਮਾ ਜਿੱਤ ਚੁੱਕੀ ਮਣੀਪੁਰ ਦੀ ਇਸ ਮੁੱਕੇਬਾਜ਼ ਲਈ 51 ਕਿੱਲੋ ਵਰਗ ਵਿੱਚ ਇਹ ਪਹਿਲਾ ਅਤੇ ਕੁੱਲ ਅੱਠਵਾਂ ਤਗਮਾ ਹੋਵੇਗਾ। ਤਗਮਿਆਂ ਦੀ ਗਿਣਤੀ ਦੇ ਆਧਾਰ ’ਤੇ ਮੇਰੀਕੋਮ ਮਹਿਲਾ ਅਤੇ ਪੁਰਸ਼ ਵਰਗ ’ਚ ਸਭ ਤੋਂ ਸਫਲ ਹੈ। ਪੁਰਸ਼ ਵਰਗ ’ਚ ਕਿਊਬਾ ਦੇ ਫੇਲਿਕਸ ਸਾਵੋਨ ਨੇ ਸਭ ਤੋਂ ਵੱਧ 7 ਤਗਮੇ ਜਿੱਤੇ ਹਨ।
ਹਰਿਆਣਾ ਦੀ ਰਾਣੀ ਨੇ ਉੱਚ ਦਰਜਾ ਪ੍ਰਾਪਤ ਅਤੇ ਪਿਛਲੀ ਵਾਰ ਦੀ ਕਾਂਸੀ ਦਾ ਤਗਮਾ ਜੇਤੂ ਦੱਖਣੀ ਕੋਰੀਆ ਦੀ ਕਿਮ ਹਯਾਂਗ ਮੇ ਨੂੰ 4-1 ਨਾਲ ਹਰਾਇਆ। ਦੂਜੇ ਪਾਸੇ ਆਸਾਮ ਰਾਈਫਲਜ਼ ਦੀ ਜਮੁਨਾ ਬੋਰੋ ਨੇ ਜਰਮਨੀ ਦੀ ਉਰਸਲਾ ਗੋਟਲੋਬ ਨੂੰ 4-1 ਨਾਲ ਮਾਤ ਦਿੱਤੀ। ਲਵਲੀਨਾ ਨੇ ਕੁਆਰਟਰ ਫਾਈਨਲ ’ਚ ਪੋਲੈਂਡ ਦੀ ਕੈਰੋਲਿਨਾ ਕੋਜੇਵਸਕਾ ਨੂੰ 4-1 ਨਾਲ ਹਰਾਇਆ
ਸੈਮੀਫਾਈਨਲ ਵਿੱਚ ਮੇਰੀਕੋਮ ਦਾ ਮੁਕਾਬਲਾ ਸ਼ਨਿਚਰਵਾਰ ਨੂੰ ਯੂਰਪੀਅਨ ਚੈਂਪੀਅਨਸ਼ਿਪ ਅਤੇ ਯੂਰਪੀ ਖੇਡਾਂ ਵਿੱਚ ਸੋਨ ਤਗਮਾ ਜੇਤੂ ਤੁਰਕੀ ਦੀ ਮੁੱਕੇਬਾਜ਼ ਬੁਸੇਨਾਜ ਸਾਕਿਰੋਗਲੂ ਨਾਲ ਹੋਵੇਗਾ ਜਿਸ ਨੇ ਕੁਆਰਟਰ ਫਾਈਨਲ ਵਿੱਚ ਚੀਨ ਦੀ ਕੇਈ ਜੇਂਗਜੂ ਨੂੰ ਹਰਾਇਆ। ਮੰਜੂ ਰਾਣੀ ਦਾ ਸੈਮੀਫਾਈਨਲ ’ਚ ਸਾਹਮਣਾ ਥਾਈਲੈਂਡ ਦੀ ਉੱਚ ਦਰਜਾ ਪ੍ਰਾਪਤ ਯੂਲੀਆਨੋਵਾ ਅਸੇਨੋਵਾ ਜਦਕਿ ਜਮੁਨਾ ਦਾ ਮੁਕਾਬਲਾ ਏਸ਼ੀਆਈ ਖੇਡਾਂ ਦੀ ਸਾਬਕਾ ਕਾਂਸੀ ਦਾ ਤਗਮਾ ਜੇਤੂ ਹੁਆਂਗ ਸਿਆਓ ਨਾਲ ਹੋਵੇਗਾ।