ਨਵੀਂ ਦਿੱਲੀ, 8 ਅਗਸਤ
ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੇਰੀ ਕੌਮ ਅਤੇ ਲਵਲੀਨਾ ਬੋਰਗੋਹੇਨ ਨੂੰ ਹਾਲੀਆ ਪ੍ਰਦਰਸ਼ਨ ਦੇ ਆਧਾਰ ’ਤੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ। ਮੇਰੀ ਕੌਮ ਨੂੰ 51 ਕਿਲੋ ਵਜ਼ਨ ਵਰਗ ਵਿੱਚ ਸਿੱਧੇ ਚੁਣ ਲਏ ਜਾਣ ਦੇ ਫ਼ੈਸਲੇ ਤੋਂ ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਕਾਫ਼ੀ ਖ਼ਫ਼ਾ ਹੈ। ਵਿਸ਼ਵ ਅਤੇ ਏਸ਼ਿਆਈ ਕਾਂਸੀ ਦਾ ਤਗ਼ਮਾ ਜੇਤੂ ਲਵਲੀਨਾ 69 ਕਿਲੋ ਵਰਗ ਵਿੱਚ ਹਿੱਸਾ ਲਵੇਗੀ।
36 ਸਾਲ ਦੀ ਮੇਰੀ ਕੌਮ ਇਸ ਸਾਲ ਇੰਡੀਆ ਓਪਨ ਅਤੇ ਇੰਡੋਨੇਸ਼ੀਆ ਵਿੱਚ ਹੋਏ ਟੂਰਨਾਮੈਂਟ ਵਿੱਚ ਦੋ ਸੋਨ ਤਗ਼ਮੇ ਜਿੱਤ ਚੁੱਕੀ ਹੈ, ਜਦੋਂਕਿ 23 ਸਾਲ ਦੀ ਨਿਖਤ ਨੇ ਥਾਈਲੈਂਡ ਟੂਰਨਾਮੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਸ ਨੂੰ 51 ਕਿਲੋ ਦੇ ਟਰਾਇਲ ਵਿੱਚ ਮੇਰੀ ਕੌਮ ਖ਼ਿਲਾਫ਼ ਚੁਣੌਤੀ ਦੀ ਉਮੀਦ ਸੀ।
ਇਸ ਹੈਦਰਾਬਾਦੀ ਮੁੱਕੇਬਾਜ਼ ਨੇ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਨੂੰ ਲਿਖੇ ਪੱਤਰ ਵਿੱਚ ਦੋਸ਼ ਲਾਇਆ ਕਿ ਉਸ ਨੂੰ ਬਨਲਾਲ ਦੁਆਤੀ ਖ਼ਿਲਾਫ਼ ਟਰਾਇਲ ਬਾਊਟ ਵਿੱਚ ‘ਹਿੱਸਾ ਲੈਣ ਤੋਂ ਰੋਕਿਆ’ ਗਿਆ ਅਤੇ ਅਜਿਹਾ ਮੁੱਖ ਚੋਣਕਾਰ ਰਾਜੇਸ਼ ਭੰਡਾਰੀ ਨੇ ਕੀਤਾ। ਭੰਡਾਰੀ ਨੇ ਹਾਲਾਂਕਿ ਸਵੀਕਾਰ ਕੀਤਾ ਕਿ ਮੇਰੀ ਕੌਮ ਨੂੰ ਚੁਣਨ ਦਾ ਫ਼ੈਸਲਾ ਬੀਐੱਫਆਈ ਦੇ ਸੀਨੀਅਰ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਕੁੱਝ ਦਿਨ ਪਹਿਲਾਂ ਲਿਆ ਗਿਆ ਸੀ। ਵਿਸ਼ਵ ਚੈਂਪੀਅਨਸ਼ਿਪ ਰੂਸ ਵਿੱਚ ਤਿੰਨ ਤੋਂ 13 ਅਕਤੂਬਰ ਤੱਕ ਖੇਡੀ ਜਾਵੇਗੀ।

ਭੰਡਾਰੀ ਨੇ ਕਿਹਾ, ‘‘ਮੇਰੀ ਕੌਮ ਨੇ ਇੰਡੀਆ ਓਪਨ ਦੇ ਸੈਮੀ-ਫਾਈਨਲ ਵਿੱਚ ਨਿਖਤ ਨੂੰ ਹਰਾਇਆ ਸੀ ਅਤੇ ਕੌਮੀ ਕੈਂਪ ਵਿੱਚ ਵੀ ਉਹ ਲਗਾਤਾਰ ਹੋਰ ਮੁੱਕੇਬਾਜ਼ਾਂ ਤੋਂ ਬਿਹਤਰ ਰਹੀ ਹੈ। ਨਿਖਤ ਵੀ ਇੱਕ ਸ਼ਾਨਦਾਰ ਮੁੱਕੇਬਾਜ਼ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਸ ਨੂੰ ਵੀ ਮੌਕਾ ਮਿਲੇਗਾ, ਪਰ ਇਸ ਸਮੇਂ ਇਹ ਫ਼ੈਸਲਾ ਪੂਰੀ ਤਰ੍ਹਾਂ ਪ੍ਰਦਰਸ਼ਨ ਅਤੇ ਤਜਰਬੇ ਦੇ ਆਧਾਰ ’ਤੇ ਲਿਆ ਗਿਆ ਹੈ।’’ ਨਿਖਤ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਇਹ ਸਭ ਕਾਫ਼ੀ ਨਿਰਾਸ਼ਾਜਨਕ ਹੈ ਅਤੇ ਇਸ ਤੋਂ ਉਹ ਹੈਰਾਨ ਹੈ। ਇਸ ਸਬੰਧੀ ਭੰਡਾਰੀ ਨੇ ਕਿਹਾ ਕਿ ਭਾਰਤੀ ਤਗ਼ਮੇ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਮੇਰੀ ਕੌਮ ਨੂੰ ਚੁਣਨ ਦਾ ਫ਼ੈਸਲਾ ਕੀਤਾ ਗਿਆ ਹੈ। ਉਹ ਇਸ ਟੂਰਨਾਮੈਂਟ ਦੀ ਮਹਾਨ ਮੁੱਕੇਬਾਜ਼ ਹੈ ਅਤੇ ਅੱਠ ਵਿਸ਼ਵ ਚੈਂਪੀਅਨਸ਼ਿਪ ਵਿੱਚੋਂ ਛੇ ਸੋਨੇ ਅਤੇ ਇੱਕ ਚਾਂਦੀ ਜਿੱਤ ਚੁੱਕੀ ਹੈ।