ਨਵੀਂ ਦਿੱਲੀ, 30 ਅਗਸਤ
ਭਾਰਤੀ ਸ਼ਟਲਰ ਐੱਚ ਐੱਸ ਪ੍ਰਣੌਏ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਪਹਿਲਾ ਕਾਂਸੀ ਦਾ ਤਗ਼ਮਾ ਜਿੱਤਣ ਨਾਲ ਆਪਣੇ ਕਰੀਅਰ ’ਚ ਸਭ ਤੋਂ ਸਿਖਰਲਾ ਸਥਾਨ ਹਾਸਲ ਕੀਤਾ ਹੈ ਜਦਕਿ ਵਿਸ਼ਵ ਦਰਜਾਬੰਦੀ (ਰੈਂਕਿੰਗ) ਵਿੱਚ ਉਹ ਛੇਵੇਂ ਸਥਾਨ ਉੱਤੇ ਆ ਗਏ ਹਨ। ਇਹ ਦਰਜਾਬੰਦੀ ਬੀਡਬਲਯੂਐੱਫ ਵੱਲੋਂ ਜਾਰੀ ਕੀਤੀ ਗਈ ਗਈ ਹੈ। ਇਸ 31 ਸਾਲਾ ਕੇਰਲਾ ਵਾਸੀ ਸ਼ਟਲਰ ਨੇ ਕਾਂਸੀ ਦਾ ਤਗ਼ਮਾ ਜਿੱਤਣ ਲਈ ਵਿਸ਼ਵ ਦੇ ਨੰਬਰ 1 ਅਤੇ ਓਲੰਪਿਕ ਜੇਤੂ ਖਿਡਾਰੀ ਵਿਕਟਰ ਐਕਅਲਸਨ ਨੂੰ ਹਰਾਇਆ ਸੀ, ਜਿਸ ਮਗਰੋਂ ਉਸ ਦੇ ਖਾਤੇ ਵਿੱਚ 72,437 ਪੁਆਇੰਟ ਜੁੜ ਗਏ ਹਨ।ਸ੍ਰੀ ਪ੍ਰਣੋਏ ਇਕਲੌਤੇ ਅਜਿਹੇ ਭਾਰਤੀ ਸ਼ਟਲਰ ਹਨ, ਜੋ ਪਿਛਲੇ ਵਰ੍ਹੇ ਦਸੰਬਰ ਮਹੀਨੇ ਤੋਂ ਵਿਸ਼ਵ ਦੇ ਪਹਿਲੇ 10 ਖਿਡਾਰੀਆਂ ’ਚ ਸ਼ਾਮਲ ਹਨ। ਪੁਰਸ਼ਾਂ ਦੀ ਸਿੰਗਲਜ਼ ਕੈਟਾਗਿਰੀ ਰੈਂਕਿੰਗ ਵਿੱੱਚ ਲਕਸ਼ਿਆ ਸੇਨ ਦੀ ਰੈਂਕਿੰਗ ਇੱਕ ਪੁਆਇੰਟ ਘਟ ਕੇ 12ਵੇਂ ਸਥਾਨ ਉੱਤੇ ਪੁੱਜ ਗਈ ਹੈ ਜਦਕਿ ਕਿਦਾਂਬੀ ਸ੍ਰੀਕਾਂਤ ਵਿਸ਼ਵ ਰੈਂਕਿੰਗ ਵਿੱਚ ਆਪਣੇ 20ਵੇਂ ਸਥਾਨ ’ਤੇ ਬਰਕਰਾਰ ਹਨ। ਇਸੇ ਤਰ੍ਹਾਂ ਮਹਿਲਾਵਾਂ ਦੀ ਸਿੰਗਲਜ਼ ਰੈਂਕਿੰਗ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਰਹੀ ਪੀ ਵੀ ਸਿੰਧੂ ਇਸ ਵਾਰ 14ਵੇਂ ਰੈਂਕ ’ਤੇ ਹੈ।