ਪੈਰਿਸ:ਵਿਸ਼ਵ ਤੀਰਅੰਦਾਜ਼ੀ ਟੂਰਨਾਮੈਂਟ ਵਿਚ ਦੀਪਿਕਾ ਕੁਮਾਰੀ, ਅੰਕਿਤਾ ਭਗਤ ਅਤੇ ਕੋਮੋਲਿਕਾ ਬਾਰੀ ਦੀ ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਇੱਥੇ ਵਿਸ਼ਵ ਕੱਪ ਦੇ ਤੀਜੇ ਪੜਾਅ ਵਿਚ ਮੈਕਸਿਕੋ ਨੂੰ ਹਰਾ ਕੇ ਸੋਨੇ ਦਾ ਤਗਮਾ ਆਪਣੇ ਨਾਂ ਕੀਤਾ। ਜ਼ਿਕਰਯੋਗ ਹੈ ਕਿ ਟੀਮ ਪਿਛਲੇ ਹਫ਼ਤੇ ਓਲੰਪਿਕ ਵਿਚ ਕੁਆਈਫਾਈ ਕਰਨ ਵਿਚ ਸਫ਼ਲ ਨਹੀਂ ਹੋ ਸਕੀ ਸੀ, ਇਹ ਜਿੱਤ ਟੀਮ ਦੀ ਉਸ ਨਿਰਾਸ਼ਾ ਨੂੰ ਘੱਟ ਕਰਨ ਦਾ ਕੰਮ ਕਰੇਗੀ। ਦੁਨੀਆ ਦੀ ਤੀਜੇ ਨੰਬਰ ਦੀ ਤੀਰਅੰਦਾਜ਼ ਦੀਪਿਕਾ, ਅੰਕਿਤਾ ਤੇ ਕੋਮੋਲਿਕਾ ਦੀ ਤਿੱਕੜੀ ਨੇ ਵਿਸ਼ਵ ਕੱਪ ਦੇ ਪਹਿਲੇ ਗੇੜ ਦੇ ਫਾਈਨਲ ਵਿਚ ਵੀ ਮੈਕਸਿਕੋ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਟੀਮ ਨੇ ਇਸ ਤੀਜੇ ਗੇੜ ਵਿੱਚ ਵੀ ਮੈਕਸਿਕੋ ਦੀ ਟੀਮ ਨੂੰ 5-1 ਨਾਲ ਹਰਾ ਕੇ ਸੋਨ ਤਗਮੇ ’ਤੇ ਕਬਜ਼ਾ ਕੀਤਾ। ਇਸ ਸਾਲ ਇਹ ਵਿਸ਼ਵ ਕੱਪ ਵਿਚ ਉਨ੍ਹਾਂ ਦਾ ਲਗਾਤਾਰ ਦੂਜਾ ਅਤੇ ਕੁੱਲ ਮਿਲਾ ਕੇ ਛੇਵਾਂ ਸੋਨ ਤਗਮਾ ਹੈ। ਹਰ ਵਾਰ ਟੀਮ ਵਿਚ ਦੀਪਿਕਾ ਸ਼ਾਮਲ ਸੀ। ਭਾਰਤੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਅਭਿਸ਼ੇਕ ਵਰਮਾ ਨੇ ਵੀ ਭਾਰਤ ਦੀ ਝੋਲੀ ਸੋਨ ਤਗਮਾ ਪਾਇਆ ਸੀ।