ਬੁਡਾਪੇਸਟ, ਇਟਲੀ ਦੀ ਫੇਦੇਰਿਕਾ ਪੇਲੇਗਰੀਨੀ ਇੱਥੇ ਚੱਲ ਰਹੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ’ਚ ਆਪਣੇ 200 ਮੀਟਰ ਫਰੀ ਸਟਾਈਲ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਣ ਦੇ ਨਾਲ ਹੀ ਇੱਕੋ ਮੁਕਾਬਲੇ ’ਚ ਹੀ ਸੱਤ ਤਗ਼ਮੇ ਜਿੱਤਣ ਵਾਲੀ ਦੁਨੀਆਂ ਦੀ ਪਹਿਲੀ ਤੈਰਾਕ ਬਣ ਗਈ ਹੈ।
ਇਸ ਇਤਾਲਵੀ ਤੈਰਾਕ ਨੇ ਮਹਿਲਾਵਾਂ ਦੇ 200 ਮੀਟਰ ਫਰੀ ਸਟਾਈਲ ਮੁਕਾਬਲੇ ’ਚ ਸ਼ਾਨਦਾਰ ਜਿੱਤ ਮਗਰੋਂ ਇੱਕ ਹੀ ਮੁਕਾਬਲੇ ’ਚ ਸੱਤ ਤਗ਼ਮਿਆਂ ਦੀ ਪ੍ਰਾਪਤੀ ਵੀ ਹਾਸਲ ਕਰ ਲਈ ਹੈ। ਇਤਾਲਵੀ ਤੈਰਾਕ ਪੇਲੇਗਰੀਨੀ ਨੇ ਆਖਰੀ ਵਾਰ 2011 ’ਚ ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਗ਼ਮਾ ਜਿੱਤਿਆ ਸੀ, ਪਰ ਛੇ ਸਾਲ ਮਗਰੋਂ ਉਸ ਨੇ ਇੱਕ ਮਿੰਟ 54.73 ਸਕਿੰਟ ਨਾਲ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਆਪਣੇ ਮੁਕਾਬਲੇ ’ਚ ਸਭ ਤੋਂ ਵੱਡਉਮਰ 28 ਸਾਲਾ ਪੇਲੇਗਰੀਨੀ ਫਾਈਨਲ ਲੈਪ ’ਤੇ ਚੌਥੇ ਸਥਾਨ ’ਤੇ ਸੀ, ਪਰ ਉਸ ਨੇ ਵਿਸ਼ਵ ਤੇ ਓਲੰਪਿਕ ਚੈਂਪੀਅਨ ਅਮਰੀਕਾ ਦੀ ਕੇਟੀ ਲੇਡੇਸਕੀ ਅਤੇ ਆਸਟਰੇਲੀਆ ਦੀ ਐਮਾ ਮੈਕਕੋਨ ਨੂੰ ਪਛਾੜਦਿਆਂ ਜਿੱਤ ਆਪਣੇ ਨਾਂ ਕਰ ਲਈ।
ਕੇਟੀ ਤੇ ਐਮਾ ਦੋਵਾਂ ਨੂੰ ਇੱਕ ਮਿੰਟ 55.18 ਸਕਿੰਟ ਦਾ ਸਮਾਂ ਲੈਣ ਕਾਰਨ ਚਾਂਦੀ ਦਾ ਤਗ਼ਮਾ ਹਾਸਲ ਹੋਇਆ। ਇਸ ਸੁਨਹਿਰੀ ਦਿਨ ਗੈਬਰੀਅਨ ਡੇਤੀ ਨੇ ਪੁਰਸ਼ਾਂ ਦੇ 800 ਮੀਟਰ ਫਰੀ ਸਟਾਈਲ ਮੁਕਾਬਲੇ ’ਚ ਕਰੀਬੀ ਜਿੱਤ ਨਾਲ ਪਹਿਲਾ ਵਿਸ਼ਵ ਖ਼ਿਤਾਬ ਜਿੱਤਿਆ।
ਦੱਖਣੀ ਅਫਰੀਕਾ ਦੇ ਚਾਡ ਲੀ ਕਲਾਸ ਨੇ ਪੁਰਸ਼ਾਂ ਦੇ 200 ਮੀਟਰ ਬਟਰ ਫਲਾਈ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ ਜਦਕਿ ਬਰਤਾਨੀਆ ਦੇ ਐਡਮ ਪਿਆਟੀ ਨੇ 50 ਮੀਟਰ ਬ੍ਰੈਸਟ ਸਟ੍ਰੋਕ ਨਾਲ ਸੋਨ ਤਗ਼ਮੇ ਦੇ ਨਾਲ ਨਾਲ ਆਪਣਾ ਗੋਲਡਨ ਡਬਲ ਵੀ ਪੂਰਾ ਕੀਤਾ।