ਦੁਬਈ:ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਵਿੱਚ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦਾ ਫਾਈਨਲ 18 ਅਤੇ 22 ਜੂਨ ਨੂੰ ਸਾਊਥੈਂਪਟਨ ਦੇ ਹੈਂਪਸ਼ਾਇਰ ਬਾਊਲ ਮੈਦਾਨ ਵਿੱਚ ਖੇਡਿਆ ਜਾਵੇਗਾ। ਪਹਿਲਾਂ ਫਾਈਨਲ ਲਾਰਡਜ਼ ਵਿੱਚ ਹੋਣ ਦੀ ਸੰਭਾਵਨਾ ਸੀ ਪਰ ਆਈਸੀਸੀ ਬੋਰਡ ਅਤੇ ਇੰਗਲੈਂਡ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਕੋਵਿਡ-19 ਦੇ ਮੱਦੇਨਜ਼ਰ ਇਸ ਸਥਾਨ ਨੂੰ ਬਦਲਣ ਦਾ ਫ਼ੈਸਲਾ ਲਿਆ ਹੈ। ਆਈਸੀਸੀ ਨੇ ਕਿਹਾ ਕਿ ਜੇ ਬਰਤਾਨੀਆ ਸਰਕਾਰ ਕੋਵਿਡ-19 ਲੌਕਡਾਊਨ ਵਿੱਚ ਢਿੱਲ ਵਰਤਦੀ ਹੈ ਤਾਂ ਹੈਂਪਸ਼ਾਇਰ ਬਾਊਲ ਵਿੱਚ ਫਾਈਨਲ ਦੇਖਣ ਲਈ ਦਰਸ਼ਕਾਂ ਦੀ ਸੀਮਤ ਸੰਖਿਆ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ।