ਨਵੀਂ ਦਿੱਲੀ, 30 ਅਗਸਤ
ਟੋਕੀਓ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਦੀਆਂ ਨਿਗਾਹਾਂ ਏਸ਼ਿਆਈ ਖੇਡਾਂ ’ਚ ਤਗ਼ਮਾ ਜਿੱਤਣ ’ਤੇ ਹਨ, ਜਿਸ ਕਰ ਕੇ ਉਹ ਅਗਲੇ ਹਫ਼ਤੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ’ਚ ਭਾਰ (ਬਾਰਬੈੱਲ) ਨਹੀਂ ਉਠਾਏਗੀ ਬਲਕਿ ਉਹ ਪੈਰਿਸ ਓਲੰਪਿਕ ’ਚ ਸ਼ਾਮਲ ਹੋਣ ਲਈ ਜ਼ਰੂਰੀ ਰਸਮੀ ਕਾਰਵਾਈ ਪੂਰੀ ਕਰਨ ਹੀ ਜਾਵੇਗੀ। ਪੈਰਿਸ ਓਲੰਪਿਕ ਵਾਸਤੇ ਵਿਸ਼ਵ ਚੈਂਪੀਅਨਸ਼ਿਪ ਲਾਜ਼ਮੀ ਕੁਆਲੀਫਾਇੰਗ ਟੂਰਨਾਮੈਂਟ ਹੈ। ਵਿਸ਼ਵ ਚੈਂਪੀਅਨਸ਼ਿਪ 4 ਸਤੰਬਰ ਤੋਂ ਰਿਆਧ ’ਚ ਸ਼ੁਰੂ ਹੋਣੀ ਹੈ ਜਦਕਿ ਏਸ਼ਿਆਈ ਖੇਡਾਂ ਇਸ ਤੋਂ 20 ਦਿਨਾਂ ਤੋਂ ਵੀ ਘੱਟ ਦਿਨਾਂ ਬਾਅਦ 23 ਸਤੰਬਰ ਤੋਂ ਚੀਨ ਵਿੱਚ ਸ਼ੁਰੂ ਹੋਣਗੀਆਂ। ਮੀਰਾਬਾਈ ਨੇ ਏਸ਼ਿਆਈ ਖੇਡਾਂ ਨੂੰ ਇਸ ਕਰ ਕੇ ਤਰਜੀਹ ਦੇਣ ਦਾ ਫ਼ੈਸਲਾ ਕੀਤਾ ਕਿਉਂਕਿ ਉਹ ਹਾਲੇ ਤੱਕ ਇਨ੍ਹਾਂ ਖੇਡਾਂ ’ਚ ਤਗ਼ਮਾ ਨਹੀਂ ਜਿੱਤ ਸਕੀ ਹੈ। ਮੁੱਖ ਕੋਚ ਵਿਜੈ ਸ਼ਰਮਾ ਨੇ ਕਿਹਾ, ‘‘ਉਹ ਸਾਰੇ ਲਾਜ਼ਮੀ ਪ੍ਰੋਟੋਕੋਲ ਪੂਰੇ ਕਰੇਗੀ ਪਰ ਉਹ ਕੋਈ ਭਾਰ ਨਹੀਂ ਚੁੱਕੇਗੀ। ਉਹ ਉੱਥੇ ਸਿਰਫ਼ ਸ਼ਮੂਲੀਅਤ ਲਈ ਜਾ ਰਹੀ ਹੈ।’’ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਏਸ਼ਿਆਈ ਖੇਡਾਂ ’ਚ 90 ਕਿੱਲੋ (ਸਨੈਚ) ਪਾਰ ਕਰਨ ਦਾ ਟੀਚਾ ਮਿਥਿਆ ਹੈ।