ਕੁਆਲਾਲੰਪੁਰ, 11 ਅਗਸਤ
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ.ਵੀ. ਸਿੰਧੂ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈਟੀ ਦੀ ਪੁਰਸ਼ ਡਬਲਜ਼ ਜੋੜੀ ਨੂੰ ਅੱਜ ਇੱਥੇ ਬੀਡਬਲਿਊਐੱਫ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 2023 ਦੇ ਡਰਾਅ ਵਿੱਚ ਪਹਿਲੇ ਗੇੜ ’ਚ ਬਾਇ ਮਿਲੀ। ਇਸ ਸਾਲ ਬੀਡਬਲਿਊਐੱਫ ਵਿਸ਼ਵ ਚੈਂਪੀਅਨਸ਼ਿਪ ਡੈਨਮਾਰਕ ਦੇ ਕੋਪੇਨਹੈਗਨ ਵਿੱਚ 21 ਤੋਂ 27 ਅਗਸਤ ਤੱਕ ਕਰਵਾਈ ਜਾਵੇਗੀ। ਸਾਲ 2019 ਵਿੱਚ ਮਹਿਲਾ ਸਿੰਗਲਜ਼ ਵਿਸ਼ਵ ਖਿਤਾਬ ਜਿੱਤਣ ਵਾਲੀ ਸਿੰਧੂ ਨੂੰ ਮੁਸ਼ਕਿਲ ਡਰਾਅ ਮਿਲਿਆ ਹੈ। ਉਨ੍ਹਾਂ ਦਾ ਮੁਕਾਬਲਾ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਅਤੇ ਸਿਖਰਲਾ ਦਰਜਾ ਪ੍ਰਾਪਤ ਕੋਰੀਆ ਦੀ ਆਨ ਸੇ ਯੰਗ ਨਾਲ ਹੋ ਸਕਦਾ ਹੈ। ਇਨ੍ਹਾਂ ਸਾਰਿਆਂ ਨੂੰ ਡਰਾਅ ਦੇ ਉੱਪਰੀ ਅੱਧ ਵਿੱਚ ਰੱਖਿਆ ਗਿਆ ਹੈ। ਸਿੰਧੂ ਮਹਿਲਾ ਸਿੰਗਲਜ਼ ਵਿੱਚ ਚੁਣੌਤੀ ਪੇਸ਼ ਕਰ ਰਹੀ ਇਕਲੌਤੀ ਭਾਰਤੀ ਖਿਡਾਰਨ ਹੈ। ਵਿਸ਼ਵ ਚੈਂਪੀਅਨਸ਼ਿਪ ਦੀ ਪਿਛਲੀ ਕਾਂਸੀ ਤਗ਼ਮਾ ਜੇਤੂ ਸਾਤਵਿਕ ਤੇ ਚਿਰਾਗ ਦੀ ਜੋੜੀ ਸ਼ਾਨਦਾਰ ਫਾਰਮ ਵਿੱਚ ਚੱਲ ਰਹੀ ਹੈ ਅਤੇ ਇਸ ਜੋੜੀ ਨੇ ਕੋਰੀਆ ਓਪਨ ਵਿੱਚ ਖ਼ਿਤਾਬ ਤੋਂ ਬਾਅਦ ਪਿਛਲੇ ਹਫਤੇ ਵਿਸ਼ਵ ਰੈਂਕਿੰਗਜ਼ ’ਚ ਕਰੀਅਰ ਦਾ ਸਭ ਤੋਂ ਵਧੀਆ ਦੂਜਾ ਸਥਾਨ ਹਾਸਲ ਕੀਤਾ। ਪੁਰਸ਼ ਸਿੰਗਲਜ਼ ’ਚ ਭਾਰਤੀ ਚੁਣੌਤੀ ਦੀ ਅਗਵਾਈ ਫਾਰਮ ’ਚ ਚੱਲ ਰਿਹਾ ਐੱਚ.ਐੱਸ. ਪ੍ਰਣੌਏ ਕਰੇਗਾ ਜਿਸ ਨੂੰ ਇਸ ਮੁਕਾਬਲੇ ਲਈ ਦੂਜਾ ਦਰਜਾ ਦਿੱਤਾ ਗਿਆ ਹੈ। ਉਹ ਪਹਿਲੇ ਗੇੜ ਵਿੱਚ ਫਿਨਲੈਂਡ ਦੇ ਕੇਲ ਕੋਲਜੋਨੈਨ ਨਾਲ ਭਿੜੇਗਾ। ਪੁਰਸ਼ ਸਿੰਗਲਜ਼ ਵਿੱਚ ਲਕਸ਼ੈ ਸੇਨ ਅਤੇ ਕਿਦਾਂਬੀ ਸ੍ਰੀਕਾਂਤ ਦਾ ਮੁਕਾਬਲਾ ਪਹਿਲੇ ਗੇੜ ’ਚ ਕ੍ਰਮਵਾਰ ਮੌਰੀਸ਼ਸ ਦੇ ਜੌਰਜ ਜੂਲੀਅਨ ਪੌਲ ਤੇ ਜਾਪਾਨ ਦੇ ਕੇਂਤਾ ਨਿਸ਼ੀਮੋਤੋ ਨਾਲ ਹੋਵੇਗਾ। ਮਹਿਲਾ ਡਬਲਜ਼ ਵਿੱਚ ਭਾਰਤ ਨੇ ਦੋ ਜੋੜੀਆਂ ਮੈਦਾਨ ’ਚ ਉਤਾਰੀਆਂ ਹਨ। ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਨੂੰ ਪਹਿਲੇ ਗੇੜ ’ਚ ਬਾਇ ਮਿਲੀ ਹੈ ਜਦਕਿ ਅਸ਼ਵਿਨੀ ਭੱਟ ਤੇ ਸ਼ਿਖਾ ਗੌਤਮ ਨੂੰ ਨੈਦਰਜ਼ਲੈਂਡ ਦੀ ਦੈਬੋਰਾ ਜਿਲੀ ਤੇ ਚੈਰਿਲ ਸਿਨੇਨ ਦੀ ਜੋੜੀ ਨਾਲ ਭਿੜਨਾ ਹੋਵੇਗਾ। ਪੁਰਸ਼ ਡਬਲਜ਼ ’ਚ 64 ਖਿਡਾਰੀ ਜਦਕਿ ਮਹਿਲਾ ਸਿੰਗਲਜ਼ ’ਚ 48 ਖਿਡਾਰਨਾਂ ਚੁਣੌਤੀ ਪੇਸ਼ ਕਰਨਗੀਆਂ।