ਹਿਊਲਵਾ, 14 ਦਸੰਬਰ

ਭਾਰਤ ਦੀ ਸ਼ਟਲਰ ਜੋੜੀ ਵੈਂਕਟ ਗੌਰਵ ਪ੍ਰਸਾਦ ਤੇ ਜੂਹੀ ਦੇਵਾਂਗਨ ਬੀਡਬਲਿਊਐੱਫ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਪਹਿਲੇ ਗੇੜ ਵਿੱਚ ਹੀ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਈ ਹੈ। ਡੈੱਨਮਾਰਕ ਦੀ ਮੈਥਿਆਸ ਥੀਅਰੀ ਤੇ ਮਾਈ ਸੁਰੌਅ ਦੀ ਮਿਕਸਡ ਡਬਲਜ਼ ਜੋੜੀ ਨੇ ਭਾਰਤੀ ਜੋੜੀ ਨੂੰ 8-21 ਤੇ 4-21 ਨਾਲ ਕਰਾਰੀ ਹਾਰ ਦਿੱਤੀ। ਡੈੱਨਮਾਰਕ ਦੀ ਟੀਮ ਨੂੰ ਮੈਚ ਜਿੱਤਣ ਲਈ ਮਹਿਜ਼ 21 ਮਿੰਟ ਦਾ ਸਮਾਂ ਲੱਗਾ। ਉਧਰ ਪੁਰਸ਼ਾਂ ਦੇ ਡਬਲਜ਼ ਵਰਗ ਵਿੱਚ ਵੀ ਭਾਰਤ ਦੇ ਹੱਥ ਨਿਰਾਸ਼ਾ ਲੱਗੀ। ਅਰੁਣ ਜੌਰਜ ਤੇ ਸੰਯਮ ਸ਼ੁਕਲਾ ਦੀ ਭਾਰਤੀ ਜੋੜੀ ਚੀਨ ਦੇ ਊ ਸ਼ੁਆਨ ਯੀ ਤੇ ਜ਼ੈਂਗ ਨਾਨ ਤੋਂ 15-21, 14-21 ਨਾਲ ਹਾਰ ਗਈ। ਇਸ ਤੋਂ ਪਹਿਲਾਂ ਕਿਦਾਂਬੀ ਸ੍ਰੀਕਾਂਤ ਨੇ ਐਤਵਾਰ ਨੂੰ ਸਪੇਨ ਦੇ ਪਾਬਲੋ ਅਬਿਆਨ ਨੂੰ ਹਰਾ ਕੇ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। 12ਵਾਂ ਦਰਜਾ ਭਾਰਤੀ ਸ਼ਟਲਰ ਨੇ ਮੁਕਾਮੀ ਖਿਡਾਰੀ ਨੂੰ 21-12, 21-16 ਨਾਲ ਸ਼ਿਕਸਤ ਦਿੱਤੀ ਸੀ। ਪੁਰਸ਼ ਡਬਲਜ਼ ਵਿੱਚ ਮਨੂ ਅਤਰੀ ਤੇ ਬੀ.ਸੁਮਿਤ ਰੈੱਡੀ ਦੀ ਜੋੜੀ ਪਹਿਲਾਂ ਹੀ ਸ਼ੁਰੂਆਤੀ ਗੇੜ ਵਿੱਚ ਡੈੱਨਮਾਰਕ ਦੀ ਜੋਇਲ ਐਲਪੇ ਤੇ ਰਾਸਮਸ ਜੇਅਰ ਦੀ ਜੋੜੀ ਤੋਂ ਹਾਰ ਚੁੱਕੀ ਹੈ। ਪੂਜਾ ਡਾਂਡੂ ਤੇ ਸੰਜਨਾ ਸੰਤੋਸ਼ ਦੀ ਮਹਿਲਾ ਡਬਲਜ਼ ਜੋੜੀ ਨੂੰ ਵੀ ਪਹਿਲੇ ਹੀ ਮੁਕਾਬਲੇ ’ਚ ਹਾਰ ਨਸੀਬ ਹੋਈ ਸੀ।