ਨਵੀਂ ਦਿੱਲੀ, 31 ਜਨਵਰੀ

ਭਾਰਤ ਦੇ ਤਜਰਬੇਕਾਰ ਹਾਕੀ ਗੋਲੀਕੀਪਰ ਪੀ ਆਰ ਸ੍ਰੀਜੇਸ਼ ਨੇ 2021 ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਅੱਜ ਵਿਸ਼ਵ ਖੇਡਾਂ ਦੇ ਸਭ ਤੋਂ ਵਧੀਆ ਅਥਲੀਟ ਦਾ ਪੁਰਸਕਾਰ ਜਿੱਤਿਆ ਹੈ। ਇਹ ਵੱਕਾਰੀ ਪੁਰਸਕਾਰ ਹਾਸਲ ਕਰਨ ਵਾਲਾ ਉਹ ਦੂਜਾ ਭਾਰਤੀ ਖਿਡਾਰੀ ਹੈ। ਸਾਲ 2020 ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ 2019 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਇਹ ਪੁਰਸਕਾਰ ਦਿੱਤਾ ਗਿਆ ਸੀ। ਸ੍ਰੀਜੇਸ਼ ਨੇ ਸਪੇਨ ਦੇ ਸਪੋਰਟ ਕਲਾਈਂਬਰ ਐਲਬਰਟੋ ਗਿਨੇਜ਼ ਲੋਪੇਜ਼ ਅਤੇ ਇਟਲੀ ਦੇ ਵੁਸ਼ੂ ਖਿਡਾਰੀ ਮਾਈਕਲ ਗਿਓਰਡਾਨੋ ਨੂੰ ਪਛਾੜ ਕੇ ਇਹ ਪੁਰਸਕਾਰ ਜਿੱਤਿਆ। ਸ੍ਰੀਜੇਸ਼ ਨੇ ਕਿਹਾ, ‘‘ਮੈਂ ਇਹ ਪੁਰਸਕਾਰ ਜਿੱਤ ਕੇ ਕਾਫੀ ਮਾਣ ਮਹਿਸੂਸ ਕਰ ਰਿਹਾ ਹਾਂ। ਸਭ ਤੋਂ ਪਹਿਲਾਂ ਇਸ ਪੁਰਸਕਾਰ ਲਈ ਮੈਨੂੰ ਨਾਮਜ਼ਦ ਕਰਨ ਵਾਸਤੇ ਐੱਫਆਈਐੱਚ ਦਾ ਧੰਨਵਾਦ। ਦੂਜਾ, ਭਾਰਤੀ ਹਾਕੀ ਦੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੈਨੂੰ ਵੋਟਾਂ ਦਿੱਤੀਆਂ।’’