ਸਾਊਥੈਂਪਟਨ, 25 ਜੂਨ
ਸ਼ਾਕਿਬ ਅਲ ਹਸਨ ਦੇ ਨੀਮ ਸੈਂਕੜੇ ਤੇ ਮਗਰੋਂ ਗੇਂਦਬਾਜ਼ੀ ਦੌਰਾਨ ਲਈਆਂ ਪੰਜ ਵਿਕਟਾਂ ਦੀ ਬਦੌਲਤ ਬੰਗਲਾਦੇਸ਼ ਨੇ ਅੱਜ ਇਥੇ ਵਿਸ਼ਵ ਕੱਪ ਦੇ ਲੀਗ ਮੁਕਾਬਲੇ ਵਿੱਚ ਅਫ਼ਗ਼ਾਨਿਸਤਾਨ ਨੂੰ 62 ਦੌੜਾਂ ਦੀ ਸ਼ਿਕਸਤ ਦਿੰਦਿਆਂ ਸੈਮੀ ਫਾਈਨਲ ਗੇੜ ਵਿੱਚ ਦਾਖ਼ਲੇ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਬੰਗਲਾਦੇਸ਼ ਨੇ ਰਹੀਮ (83) ਤੇ ਸ਼ਾਕਿਬ (51) ਦੇ ਨੀਮ ਸੈਂਕੜਿਆਂ ਦੀ ਬਦੌਲਤ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਸੱਤ ਵਿਕਟਾਂ ਦੇ ਨੁਕਸਾਨ ਨਾਲ 262 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਅਫ਼ਗ਼ਾਨਿਸਤਾਨ ਦੀ ਟੀਮ 47 ਓਵਰਾਂ ਵਿੱਚ ਦੋ ਸੌ ਦੌੜਾਂ ’ਤੇ ਢੇਰ ਹੋ ਗਈ। ਸ਼ਾਕਿਬ ਨੇ ਗੇਂਦਬਾਜ਼ੀ ਵਿੱਚ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ 29 ਦੌੜਾਂ ਬਦਲੇ ਪੰਜ ਵਿਕਟ ਲਏ। ਬੰਗਲਾਦੇਸ਼ ਦੀ ਸੱਤ ਮੈਚਾਂ ਵਿੱਚ ਇਹ ਤੀਜੀ ਜਿੱਤ ਹੈ। ਟੀਮ ਸੱਤ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਪੁੱਜ ਗਈ ਹੈ। ਉਧਰ ਅਫ਼ਗ਼ਾਨਿਸਤਾਨ ਦੀ ਇਹ ਲਗਾਤਾਰ ਸੱਤਵੀਂ ਹਾਰ ਹੈ। ਅਫ਼ਗਾਨ ਟੀਮ ਲਈ ਕਪਤਾਨ ਗੁਲਬਦੀਨ ਨਾਇਬ ਨੇ 47 ਤੇ ਸਮੀਉਲ੍ਹਾਂ ਸ਼ਿਨਵਾਰੀ ਨੇ ਨਾਬਾਦ 49 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਮੁਸ਼ਫਿਕੁਰ ਰਹੀਮ ਦੇ ਵੱਡੇ ਨੀਮ ਸੈਂਕੜੇ ਦੀ ਬਦੌਲਤ ਬੰਗਲਾਦੇਸ਼ ਨੇ ਮੁਜ਼ੀਬ-ਉਰ—ਰਹਿਮਾਨ ਦੇ ਝਟਕਿਆਂ ਦੇ ਬਾਵਜੂਦ ਅਫ਼ਗਾਨਿਸਤਾਨ ਖ਼ਿਲਾਫ਼ ਵਿਸ਼ਵ ਕੱਪ ਲੀਗ ਮੈਚ ਵਿੱਚ ਅੱਜ ਇੱਥੇ ਸੱਤ ਵਿਕਟਾਂ ’ਤੇ 262 ਦੌੜਾਂ ਦਾ ਸਕੋਰ ਬਣਾਇਆ। ਰਹੀਮ ਨੇ 87 ਗੇਂਦਾਂ ’ਤੇ 83 ਦੌੜਾਂ ਬਣਾਈਆਂ, ਜਿਸ ਵਿੱਚ ਚਾਰ ਚੌਕੇ ਅਤੇ ਇੱਕ ਛੱਕਾ ਸ਼ਾਮਲ ਹੈ। ਬਿਹਤਰੀਨ ਲੈਅ ਵਿੱਚ ਚੱਲ ਰਹੇ ਹਰਫ਼ਨਮੌਲਾ ਸ਼ਾਕਿਬ ਅਲ ਹਸਨ ਨੇ 69 ਗੇਂਦਾਂ ’ਤੇ 51 ਦੌੜਾਂ ਦੀ ਪਾਰੀ ਖੇਡੀ। ਅਫ਼ਗਾਨਿਸਤਾਨ ਵੱਲੋਂ ਮੁਜ਼ੀਬ ਨੇ 39 ਦੌੜਾਂ ਦੇ ਕੇ ਤਿੰਨ ਅਤੇ ਕਪਤਾਨ ਗੁਲਬਦੀਨ ਨਾਇਬ ਨੇ 56 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਸਟਾਰ ਲੈੱਗ ਸਪਿੰਨਰ ਰਾਸ਼ਿਦ ਖ਼ਾਨ (ਦਸ ਓਵਰਾ ਵਿੱਚ 52 ਦੌੜਾਂ) ਨੂੰ ਕੋਈ ਵਿਕਟ ਨਹੀਂ ਮਿਲੀ। ਸੈਮੀ-ਫਾਈਨਲ ਦੀਆਂ ਉਮੀਦਾਂ ਲਾਈ ਬੈਠੇ ਬੰਗਲਾਦੇਸ਼ ਲਈ ਇਹ ਮੈਚ ਕਾਫ਼ੀ ਅਹਿਮ ਸੀ । ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਬੰਗਲਾਦੇਸ਼ ਵੱਲੋਂ ਕੋਈ ਵੱਡੀ ਭਾਈਵਾਲੀ ਨਹੀਂ ਨਿਭਾਈ ਗਈ। ਲਿੱਟਨ ਦਾਸ (16 ਦੌੜਾਂ) ਦੇ ਪੰਜਵੇਂ ਓਵਰ ਵਿੱਚ ਆਊਟ ਹੋਣ ਮਗਰੋਂ ਉਸ ਦੀ ਥਾਂ ਲੈਣ ਲਈ ਉਤਰੇ ਸ਼ਾਕਿਬ ਨੇ ਤਮੀਮ ਇਕਬਾਲ (53 ਗੇਂਦਾਂ ’ਤੇ 36 ਦੌੜਾਂ) ਨਾਲ 59 ਦੌੜਾਂ ਅਤੇ ਆਪਣੇ ਸਭ ਤੋਂ ਪਸੰਦੀਦਾ ਜੋੜੀਦਾਰ ਰਹੀਮ ਨਾਲ 61 ਦੌੜਾਂ ਦੀ ਭਾਈਵਾਲੀ ਕੀਤੀ। ਇਸ ਮਗਰੋਂ ਰਹੀਮ ਨੇ ਮਹਿਮੂਦੁੱਲ੍ਹਾ (38 ਗੇਂਦਾਂ ’ਤੇ 27 ਦੌੜਾਂ) ਨਾਲ ਪੰਜਵੀਂ ਵਿਕਟ ਲਈ 56 ਅਤੇ ਮੋਸਾਦੇਕ ਹੁਸੈਨ (24 ਗੇਂਦਾਂ ’ਤੇ 35 ਦੌੜਾਂ) ਨਾਲ ਛੇਵੀਂ ਵਿਕਟ ਲਈ 44 ਦੌੜਾਂ ਜੋੜੀਆਂ। ਸ਼ਾਕਿਬ ਮੁੜ ਤੋਂ ਚੰਗੀ ਲੈਅ ਵਿੱਚ ਦਿਸ ਰਿਹਾ ਸੀ। ਉਹ ਟੂਰਨਾਮੈਂਟ ਵਿੱਚ ਪੰਜਵੀਂ ਵਾਰ 50 ਦੌੜਾਂ ਦੀ ਗਿਣਤੀ ਪਾਰ ਕਰਨ ਵਿੱਚ ਸਫਲ ਰਿਹਾ। ਇਸ ਦੌਰਾਨ ਇੱਕ ਵਾਰ ਡੀਆਰਐਸ ਦੇ ਸਹਾਰੇ ਉਸ ਨੂੰ ਜੀਵਨਦਾਨ ਵੀ ਮਿਲਿਆ, ਪਰ ਅਰਧ ਸੈਂਕੜਾ ਪੂਰਾ ਕਰਨ ਮਗਰੋਂ ਉਹ ਪਾਰੀ ਲੰਮੀ ਨਹੀਂ ਖਿੱਚ ਸਕਿਆ।