ਮੈਨਚੈਸਟਰ, 17 ਜੂਨ
ਅੱਜ ਵਿਸ਼ਵ ਕੱਪ ਕ੍ਰਿਕਟ ਦੇ ਵਕਾਰੀ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾ ਦਿੱਤਾ। ਰਾਤ ਨੂੰ ਖਤਮ ਹੋਏ ਇਸ ਮੈਚ ਦਾ ਨਤੀਜਾ ਆਉਂਦਿਆਂ ਸਾਰ ਹੀ ਸ਼ਹਿਰਾਂ ਵਿੱਚ ਪਟਾਖੇ ਚੱਲਣ ਦੇ ਨਾਲ ਮਾਹੌਲ ਦੀਵਾਲੀ ਵਾਲਾ ਬਣ ਗਿਆ। ਲੋਕਾਂ ਦੇ ਵਿੱਚ ਮੈਚ ਨੂੰ ਲੈ ਕੇ ਬੇਹੱਦ ਜੋਸ਼ ਦੇਖਣ ਨੂੰ ਮਿਲਿਆ।
ਇਸ ਤੋਂ ਪਹਿਲਾਂ ਜਦੋਂ ਪਾਕਿਸਤਾਨ ਦੀ ਟੀਮ ਭਾਰਤ ਦੇ 337 ਦੌੜਾਂ ਦੇ ਮੁਸ਼ਕਿਲ ਟੀਚੇ ਦਾ ਪਿੱਛਾ ਕਰਦੀ ਹੋਈ 35 ਓਵਰਾਂ ਵਿੱਚ 166 ਦੌੜਾ ਬਣਾ ਕੇ ਖੇਡ ਰਹੀ ਸੀ ਤਾਂ ਮੀਂਹ ਨੇ ਖੇਡ ਰੋਕ ਦਿੱਤੀ। ਇਸ ਮੌਕੇ ਪਾਕਿਸਤਾਨ ਦੇ ਇਮਾਦ ਵਸੀਮ (22) ਅਤੇ ਸ਼ਾਦਾਬ ਕਰੀਮ (1) ਦੌੜ ਉੱਤੇ ਖੇਡ ਰਹੇ ਸਨ। ਇਸ ਤੋਂ ਪਹਿਲਾਂ ਜਦੋਂ ਭਾਰਤ ਬੱਲੇਬਾ਼ਜੀ ਕਰ ਰਿਹਾ ਸੀ ਤਾਂ ਵੀ ਥੋੜ੍ਹੀ ਦੇਰ ਲਈ ਖੇਡ ਰੁਕ ਗਈ ਸੀ। ਮੀਂਹ ਨਾਲ ਪ੍ਰਭਾਵਿਤ ਹੋਏ ਮੈਚ ਲਈ ਡਕਵਰਥ ਲੂਈਸ ਪ੍ਰਣਾਲੀ ਤਹਿਤ ਬਾਅਦ ਵਿੱਚ ਮੈਚ 40 ਓਵਰਾਂ ਤੱਕ ਸੀਮਤ ਕਰ ਦਿੱਤਾ ਅਤੇ ਇਸ ਦੌਰਾਨ ਪਾਕਿਸਤਾਨ ਨੂੰ ਜਿੱਤਣ ਲਈ 302 ਦੌੜਾਂ ਦਾ ਟੀਚਾ ਦਿੱਤਾ ਗਿਆ ਅਤੇ ਪਾਕਿਸਤਾਨ ਦੀ ਟੀਮ 40 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ਉੱਤੇ 212 ਦੌੜਾਂ ਹੀ ਬਣਾ ਸਕੀ। ਪਾਕਿ ਵੱਲੋਂ ਸਭ ਤੋਂ ਵੱਧ ਫਖ਼ਰ ਜ਼ਮਾਂ ਨੇ 62 ਦੌੜਾਂ ਅਤੇ ਬਾਬਰ ਆਜ਼ਮ 48 ਤੇ ਇਮਾਦ ਵਸੀਮ ਨੇ 46 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵੱਲੋਂ ਵਿਜੈ ਸ਼ੰਕਰ, ਹਾਰਦਿਕ ਪੰਡਿਆ ਅਤੇ ਕੁਲਦੀਪ ਯਾਦਵ ਨੇ ਦੋ-ਦੋ ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ 2.4 ਓਵਰ ਗੇਂਦਬਾਜ਼ੀ ਕਰਨ ਬਾਅਦ ਮੈਦਾਨ ਵਿੱਚ ਵਾਪਿਸ ਨਹੀਂ ਪਰਤਿਆ।
ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਦੀ ਲਾਜਵਾਬ ਪਾਰੀ ਅਤੇ ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਵਿਸ਼ਵ ਕੱਪ ਮੈਚ ਵਿੱਚ ਅੱਜ ਇੱਥੇ ਪੰਜ ਵਿਕਟਾਂ ’ਤੇ 336 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ।
ਰੋਹਿਤ ਅਤੇ ਕੇਐਲ ਰਾਹੁਲ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਅਤੇ ਪਹਿਲੀ ਵਿਕਟ ਲਈ 136 ਦੌੜਾਂ ਬਣਾਈਆਂ।
ਰੋਹਿਤ ਨੇ 113 ਗੇਂਦਾਂ ’ਤੇ 140 ਦੌੜਾਂ ਬਣਾਈਆਂ, ਜਿਸ ਵਿੱਚ 14 ਚੌਕੇ ਅਤੇ ਤਿੰਨ ਛੱਕੇ ਸ਼ਾਮਲ ਹਨ। ਰਾਹੁਲ ਨੇ 78 ਗੇਂਦਾਂ ’ਤੇ 57 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਬਾਅਦ ਕੋਹਲੀ ਨੇ 65 ਗੇਂਦਾਂ ’ਤੇ ਸੱਤ ਚੌਕਿਆਂ ਦੀ ਮਦਦ ਨਾਲ 77 ਦੌੜਾਂ ਦੀ ਕਪਤਾਨੀ ਪਾਰੀ ਖੇਡੀ। ਉਸ ਨੇ ਰੋਹਿਤ ਨਾਲ 98 ਅਤੇ ਹਾਰਦਿਕ ਪਾਂਡਿਆ (19 ਗੇਂਦਾਂ ’ਤੇ 26 ਦੌੜਾਂ) ਨਾਲ 51 ਦੌੜਾਂ ਦੀਆਂ ਭਾਈਵਾਲੀਆਂ ਕੀਤੀਆਂ। ਭਾਰਤੀ ਪਾਰੀ ਦੇ ਜਦੋਂ 46.4 ਓਵਰਾਂ ਵਿੱਚ ਚਾਰ ਵਿਕਟਾਂ ’ਤੇ 305 ਦੌੜਾਂ ਸਨ, ਤਾਂ ਮੀਂਹ ਕਾਰਨ ਮੈਚ ਨੂੰ ਰੋਕਣਾ ਪਿਆ। ਆਖ਼ਰੀ ਪੰਜ ਓਵਰਾਂ ਵਿੱਚ ਭਾਰਤੀ ਟੀਮ 38 ਦੌੜਾਂ ਹੀ ਬਣਾ ਸਕੀ। ਭਾਰਤ ਦਾ ਪਾਕਿਸਤਾਨ ਖ਼ਿਲਾਫ਼ ਵਿਸ਼ਵ ਕੱਪ ਵਿੱਚ ਜਿੱਤ-ਹਾਰ ਦਾ ਰਿਕਾਰਡ 6-0 ਹੈ।
ਟਾਸ ਹਾਰਨ ਮਗਰੋਂ ਪਹਿਲਾਂ ਬੱਲੇਬਾਜ਼ੀ ਲਈ ਉਤਰੇ ਭਾਰਤ ਨੇ ਚੌਕਸੀ ਨਾਲ ਖੇਡਦਿਆਂ ਵਧੀਆ ਸ਼ੁਰੂਆਤ ਕੀਤੀ। ਮੁਹੰਮਦ ਆਮਿਰ ਦਾ ਪਹਿਲਾ ਓਵਰ ਰਾਹੁਲ ਨੇ ਮੇਡਨ ਖੇਡਿਆ, ਪਰ ਰੋਹਿਤ ਨੇ ਆਪਣੀ ਖੇਡ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ। ਉਹ ਇੱਕ ਵਾਰ ਰਨ ਆਊਟ ਹੋਣੋਂ ਵੀ ਬਚਿਆ। ਭਾਰਤ ਦਾ ਸਕੋਰ ਦਸ ਓਵਰਾਂ ਮਗਰੋਂ ਬਿਨਾ ਕਿਸੇ ਨੁਕਸਾਨ ਦੇ 53 ਦੌੜਾਂ ਸੀ, ਜਿਸ ਵਿੱਚ ਮੁੱਖ ਯੋਗਦਾਨ ਰੋਹਿਤ ਦਾ ਸੀ। ਉਹ ਲੈੱਗ ਸਪਿੰਨਰ ਸ਼ਾਦਾਬ ਖ਼ਾਨ ਨੂੰ ਛੱਕਾ ਅਤੇ ਚੌਕਾ ਮਾਰ ਕੇ 50 ਦੌੜਾਂ ’ਤੇ ਪਹੁੰਚਿਆ। ਸਰਫ਼ਰਾਜ਼ ਅਹਿਮਦ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਉਹ ਰੋਹਿਤ ਨੂੰ ਦੌੜਾਂ ਬਣਾਉਣ ਤੋਂ ਕਿਵੇਂ ਰੋਕੇ। ਉਸ ਨੇ 12ਵੇਂ ਓਵਰ ਤੱਕ ਪੰਜ ਗੇਂਦਬਾਜ਼ ਅਜ਼ਮਾ ਕੇ ਆਪਣੀ ਘਬਰਾਹਟ ਵੀ ਜ਼ਾਹਰ ਕਰ ਦਿੱਤੀ। ਰੋਹਿਤ ਅਤੇ ਰਾਹੁਲ ਨੇ 18ਵੇਂ ਓਵਰ ਵਿੱਚ ਸਕੋਰ 100 ਦੌੜਾਂ ਤੋਂ ਪਾਰ ਪਹੁੰਚਾਇਆ। ਇਹ ਵਿਸ਼ਵ ਕੱਪ ਵਿੱਚ ਭਾਰਤ ਵੱਲੋਂ ਪਾਕਿਸਤਾਨ ਖ਼ਿਲਾਫ਼ ਪਹਿਲੀ ਵਿਕਟ ਲਈ ਪਹਿਲੀ ਸੈਂਕੜੇ ਵਾਲੀ ਭਾਈਵਾਲੀ ਹੈ। ਇਸ ਭਾਈਵਾਲੀ ਵਿੱਚ ਰਾਹੁਲ ਦੇ ਯੋਗਦਾਨ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ, ਜਿਸ ਨੇ ਨਾ ਸਿਰਫ਼ ਦੂਜੇ ਪਾਸੇ ਤੋਂ ਰੋਹਿਤ ਦਾ ਚੰਗਾ ਸਾਥ ਦਿੱਤਾ, ਸਗੋਂ ਆਪਣੇ ਪੁਲ ਸ਼ਾਟ ਨਾਲ ਪਾਕਿਸਤਾਨ ਦੀਆਂ ਸ਼ਾਰਟ ਪਿੱਚ ਗੇਂਦਾਂ ਕਰਨ ਦੀ ਰਣਨੀਤੀ ਵੀ ਸਫਲ ਨਹੀਂ ਹੋਣ ਦਿੱਤੀ। ਰਾਹੁਲ ਨੇ ਸ਼ੋਏਬ ਮਲਿਕ ਦੀ ਗੇਂਦ ’ਤੇ ਛੱਕਾ ਮਾਰ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਮਗਰੋਂ ਉਸ ਨੇ ਮੁਹੰਮਦ ਹਫ਼ੀਜ਼ ਦੀ ਗੇਂਦ ’ਤੇ ਸ਼ਾਨਦਾਰ ਛੱਕਾ ਮਾਰਿਆ। ਉਹ ਵਹਾਬ ਰਿਆਜ਼ ਦੀ ਗੇਂਦ ’ਤੇ ਆਪਣੇ ਸ਼ਾਟ ’ਤੇ ਕਾਬੂ ਨਹੀਂ ਪਾ ਸਕਿਆ ਅਤੇ ਕਵਰ ’ਤੇ ਕੈਚ ਦੇ ਬੈਠਾ। ਰਾਹੁਲ ਨੇ ਤਿੰਨ ਚੌਕੇ ਅਤੇ ਦੋ ਛੱਕੇ ਮਾਰੇ। ਉਸ ਨੇ 85 ਗੇਂਦਾਂ ’ਤੇ ਆਪਣਾ 24ਵਾਂ ਇੱਕ ਰੋਜ਼ਾ ਸੈਂਕੜਾ ਪੂਰਾ ਕੀਤਾ। ਇਹ ਪਾਰੀ ਦਾ 30ਵਾਂ ਓਵਰ ਸੀ ਅਤੇ ਰੋਹਿਤ ਵੱਲੋਂ ਦੋਹਰਾ ਸੈਂਕੜਾ ਮਾਰਨ ਦੀ ਸੰਭਾਵਨਾ ਪ੍ਰਗਟਾਈ ਜਾਣ ਲੱਗੀ ਸੀ।
ਪਾਕਿਸਤਾਨ ਖ਼ਿਲਾਫ਼ ਚਾਰ ਸਾਲ ਪਹਿਲਾਂ ਸੈਂਕੜਾ ਮਾਰਨ ਵਾਲਾ ਕੋਹਲੀ ਕ੍ਰੀਜ਼ ’ਤੇ ਆ ਗਿਆ ਸੀ ਅਤੇ ਉਸ ਨੇ ਰੋਹਿਤ ਨੂੰ ਖੇਡਣ ਦਾ ਪੂਰਾ ਮੌਕਾ ਦਿੱਤਾ, ਰੋਹਿਤ ਨੇ ਵੱਧ ਆਤਮਵਿਸ਼ਵਾਸ ਕਾਰਨ ਆਪਣੀ ਵਿਕਟ ਗੁਆ ਲਈ। ਉਹ ਹਸਨ ਅਲੀ ਦੀ ਗੇਂਦ ਸਕੂਪ ਕਰਕੇ ਸ਼ਾਟ ਫਾਈਨ ਲੈੱਗ ’ਤੇ ਕੈਚ ਦੇ ਬੈਠਾ। ਕੋਹਲੀ ਨੇ ਵਿਕਟਾਂ ਦੇ ਵਿੱਚ ਦੌੜ ਦਾ ਵੀ ਜ਼ਬਰਦਸਤ ਨਜ਼ਾਰਾ ਪੇਸ਼ ਕੀਤਾ ਅਤੇ 51 ਗੇਂਦਾਂ ’ਤੇ ਆਪਣਾ 51ਵਾਂ ਇੱਕ ਰੋਜ਼ਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ ਹਸਨ ਅਲੀ ਨੂੰ ਮਾਰੇ ਗਏ ਦੋ ਚੌਕਿਆਂ ਵਿੱਚੋਂ ਪਹਿਲੇ ਚੌਕੇ ਨਾਲ ਇੱਕ ਰੋਜ਼ਾ ਵਿੱਚ 11000 ਦੌੜਾਂ ਵੀ ਪੂਰੀਆਂ ਕੀਤੀਆਂ। ਇਹ ਟੀਚਾ ਉਸ ਨੇ 222ਵੀਂ ਪਾਰੀ ਵਿੱਚ ਪੂਰੀ ਕੀਤਾ, ਜੋ ਵਿਸ਼ਵ ਰਿਕਾਰਡ ਹੈ।
ਹਾਲਾਤ ਨੂੰ ਵੇਖਦਿਆਂ ਹਾਰਦਿਕ ਪਾਂਡਿਆ (19 ਗੇਂਦਾਂ ’ਤੇ 26 ਦੌੜਾਂ) ਨੂੰ ਫਿਰ ਚੌਥੇ ਨੰਬਰ ’ਤੇ ਉਤਾਰਿਆ ਗਿਆ। ਹਸਨ ਅਲੀ ਨੇ ਉਸ ਨੂੰ ਹੌਲੀ ਗੇਂਦ ਛੁੱਟੀ, ਪਰ ਭਾਰਤੀ ਹਰਫ਼ਨਮੌਲਾ ਨੇ ਉਸ ਨੂੰ ਵਿਕਟਕੀਪਰ ਦੇ ਉਪਰ ਤੋਂ ਛੱਕੇ ਲਈ ਭੇਜ ਦਿੱਤਾ। ਹਾਲਾਂਕਿ ਆਮਿਰ ਦੀ ਗੇਂਦ ’ਤੇ ਉਹ ਲੰਮਾ ਸ਼ਾਟ ਨਹੀਂ ਖੇਡ ਸਕਿਆ ਅਤੇ ਬਾਊਂਡਰੀ ’ਤੇ ਕੈਚ ਦੇ ਦਿੱਤਾ। ਆਮਿਰ ਨੇ ਅਗਲੇ ਓਵਰ ਵਿੱਚ ਮਹਿੰਦਰ ਸਿੰਘ ਧੋਨੀ (ਇੱਕ ਦੌੜ) ਨੂੰ ਆਪਣਾ ਸ਼ਿਕਾਰ ਬਣਾਇਆ। ਉਸ ਨੇ ਭਾਰਤ ਦੇ ਸਾਬਕਾ ਕਪਤਾਨ ਨੂੰ ਵਿਕਟ ਦੇ ਪਿੱਛੇ ਕੈਚ ਕਰਵਾ ਕੇ ਭਾਰਤ ਦੀ ਡੈੱਥ ਓਵਰਾਂ ਦੀ ਰਣਨੀਤੀ ਨੂੰ ਵਿਗਾੜ ਦਿੱਤਾ। ਮੀਂਹ ਕਾਰਨ ਮੈਚ ਰੋਕਿਆ ਗਿਆ। ਮੀਂਹ ਦੇ ਰੁਕਣ ਮਗਰੋਂ ਮੈਚ ਸ਼ੁਰੂ ਹੋਣ ’ਤੇ ਆਮਿਰ ਨੇ ਕੋਹਲੀ ਵਜੋਂ ਆਪਣੀ ਤੀਜੀ ਵਿਕਟ ਲਈ, ਜਿਸ ਨੇ ਸ਼ਾਰਟ ਪਿੱਚ ਗੇਂਦ ’ਤੇ ਵਿਕਟ ਦੇ ਪਿੱਛੇ ਕੈਚ ਦਿੱਤਾ, ਹਾਲਾਂਕਿ ਰੀਪਲੇਅ ਵਿੱਚ ਸਾਫ਼ ਹੋ ਗਿਆ ਸੀ ਕਿ ਗੇਂਦ ਉਸ ਦੇ ਬੱਲੇ ਨਾਲ ਨਹੀਂ ਲੱਗੀ ਸੀ। ਵਿਜੈ ਸ਼ੰਕਰ 15 ਅਤੇ ਕੇਦਾਰ ਜਾਧਵ ਨੌਂ ਦੌੜਾਂ ਬਣਾ ਕੇ ਨਾਬਾਦ ਰਹੇ।