ਕਰਾਚੀ, 27 ਮਈ
ਪਾਕਿਸਤਾਨ ਦੇ ਮੁੱਖ ਚੋਣਕਾਰ ਇੰਜ਼ਮਾਮ-ਉੱਲ-ਹੱਕ ਨੂੰ ਵਿਸ਼ਵਾਸ ਹੈ ਕਿ ਉਸ ਦੀ ਕੌਮੀ ਟੀਮ 16 ਜੂਨ ਨੂੰ ਹੋਣ ਵਾਲੇ ਮੈਚ ਵਿੱਚ ਵਿਸ਼ਵ ਕੱਪ ਦੌਰਾਨ ਭਾਰਤ ਖ਼ਿਲਾਫ਼ ਛੇ ਹਾਰਾਂ ਦੇ ਸਿਲਸਿਲੇ ਨੂੰ ਤੋੜਨ ਵਿੱਚ ਸਫਲ ਹੋਵੇਗੀ। ਪਾਕਿਸਤਾਨ ਹਾਲੇ ਤੱਕ ਵਿਸ਼ਵ ਕੱਪ ਵਿੱਚ ਭਾਰਤ ਤੋਂ ਜਿੱਤ ਨਹੀਂ ਸਕਿਆ, ਪਰ ਸਾਬਕਾ ਟੈਸਟ ਕਪਤਾਨ ਨੂੰ ਲਗਦਾ ਹੈ ਕਿ ਇਸ ਵਾਰ ਜਦੋਂ ਇਹ ਦੋਵੇਂ ਟੀਮਾਂ ਮੈਨਚੈਸਟਰ ਵਿੱਚ ਆਹਮੋ-ਸਾਹਮਣੇ ਹੋਣਗੀਆਂ ਤਾਂ ਉਸ ਦੀ ਟੀਮ ਜਿੱਤ ਦਰਜ ਕਰਨ ਵਿੱਚ ਸਫਲ ਰਹੇਗੀ। ਇੰਜ਼ਮਾਮ ਨੇ ਕਿਹਾ, ‘‘ਲੋਕ ਭਾਰਤ-ਪਾਕਿ ਮੈਚ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਕੁੱਝ ਇੱਥੋਂ ਤੱਕ ਕਹਿੰਦੇ ਹਨ ਕਿ ਜੇਕਰ ਅਸੀਂ ਭਾਰਤ ਖ਼ਿਲਾਫ਼ ਸਿਰਫ਼ ਵਿਸ਼ਵ ਕੱਪ ਵਿੱਚ ਜਿੱਤ ਦਰਜ ਕਰ ਲੈਂਦੇ ਹਾਂ ਤਾਂ ਸਾਨੂੰ ਖ਼ੁਸ਼ੀ ਹੋਵੇਗੀ।’’ ਉਸ ਨੇ ਪਾਕਿਸਤਾਨ ਕ੍ਰਿਕਟ ਦੀ ਇੱਕ ਵੈੱਬਸਾਈਟ ਨੂੰ ਕਿਹਾ, ‘‘ਮੈਨੂੰ ਉਮੀਦ ਹੈ ਕਿ ਅਸੀਂ ਭਾਰਤ ਖ਼ਿਲਾਫ਼ ਵਿਸ਼ਵ ਕੱਪ ਵਿੱਚ ਹਾਰ ਦਾ ਸਿਲਸਿਲਾ ਤੋੜਨ ਵਿੱਚ ਸਫਲ ਰਹਾਂਗੇ।’’ ਇੰਜ਼ਮਾਮ ਨੇ ਕਿਹਾ ਕਿ ਵਿਸ਼ਵ ਕੱਪ ਦਾ ਮਤਲਬ ਸਿਰਫ਼ ਭਾਰਤ ਖ਼ਿਲਾਫ਼ ਹੋਣ ਵਾਲਾ ਮੈਚ ਨਹੀਂ ਅਤੇ ਪਾਕਿਸਤਾਨ ਵਿੱਚ ਹੋਰ ਟੀਮਾਂ ਨੂੰ ਹਰਾਉਣ ਦੀ ਵੀ ਸਮਰੱਥਾ ਹੈ। ਪਾਕਿਸਤਾਨ ਇੱਕ ਰੋਜ਼ਾ ਵਿੱਚ ਲਗਾਤਾਰ ਦਸ ਹਾਰਾਂ ਨਾਲ ਵਿਸ਼ਵ ਕੱਪ ਵਿੱਚ ਪੈਰ ਰੱਖੇਗਾ। ਉਸ ਨੂੰ ਅਭਿਆਸ ਮੈਚ ਵਿੱਚ ਅਫ਼ਗਾਨਿਸਤਾਨ ਤੋਂ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।