ਮੈਨਚੈਸਟਰ, 19 ਜੂਨ
ਕਪਤਾਨ ਇਓਨ ਮੌਰਗਨ ਦੇ ਰਿਕਾਰਡ ਸੈਂਕੜੇ ਤੇ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਅੱਜ ਇਥੇ ਅਫ਼ਗ਼ਾਨਿਸਤਾਨ ਨੂੰ 150 ਦੌੜਾਂ ਨਾਲ ਹਰਾ ਕੇ ਅੰਕ ਸੂਚੀ ਵਿੱਚ ਸਿਖਰ ’ਤੇ ਪੁੱਜ ਗਿਆ। ਮੌਰਗਨ ਨੇ ਆਪਣੇ ਕਰੀਅਰ ਦੀ ਸਰਵੋਤਮ ਪਾਰੀ ਖੇਡਦਿਆਂ 71 ਗੇਂਦਾਂ ਵਿੱਚ ਰਿਕਾਰਡ 17 ਛੱਕਿਆਂ ਤੇ ਚਾਰ ਚੌਕਿਆਂ ਦੀ ਮਦਦ ਨਾਲ 148 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਜੌਨੀ ਬੇਅਰਸਟਾਅ (90) ਤੇ ਜੋਅ ਰੂਟ (88) ਨੇ ਵੀ ਨੀਮ ਸੈਂਕੜੇ ਜੜੇ। ਇੰਗਲੈਂਡ ਨੇ ਨਿਰਧਾਰਿਤ 50 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ਨਾਲ 397 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਇਸ ਦੇ ਜਵਾਬ ਵਿੱਚ ਅਫ਼ਗਾਨਿਸਤਾਨ ਦੀ ਟੀਮ ਇੰਗਲਿਸ਼ ਗੇਂਦਬਾਜ਼ਾਂ ਆਦਿਲ ਰਾਸ਼ਿਦ (66 ਦੌੜਾਂ ’ਤੇ ਤਿੰਨ ਵਿਕਟਾਂ), ਜੋਫ਼ਰਾ ਆਰਚਰ (52 ਦੌੜਾਂ ’ਤੇ ਤਿੰਨ ਵਿਕਟ) ਤੇ ਮਾਰਕ ਵੁੱਡ (40 ਦੌੜਾਂ ਬਦਲੇ ਦੋ ਵਿਕਟ) ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਅੱਠ ਵਿਕਟਾਂ ’ਤੇ 247 ਦੌੜਾਂ ਹੀ ਬਣਾ ਸਕੀ। ਅਫ਼ਗ਼ਾਨ ਟੀਮ ਲਈ ਹਸ਼ਮਤੁੱਲ੍ਹਾ ਸ਼ਾਹਿਦੀ (76), ਰਹਿਮਤ ਸ਼ਾਹ (46), ਅਸਗਰ ਅਫ਼ਗ਼ਾਨ (44) ਤੇ ਕਪਤਾਨ ਗੁਲਬਦਿਨ ਨਾਇਬ (37) ਨੇ ਲਾਹੇਵੰਦ ਪਾਰੀਆਂ ਖੇਡੀਆਂ, ਪਰ ਟੀਮ ਟੀਚੇ ਦੇ ਨੇੜੇ ਪੁੱਜਣ ਵਿੱਚ ਨਾਕਾਮ ਰਹੀ। ਇਸ ਜਿੱਤ ਨਾਲ ਇੰਗਲੈਂਡ ਦੀ ਟੀਮ ਪੰਜ ਮੈਚਾਂ ਵਿੱਚ ਚਾਰ ਜਿੱਤਾਂ ਤੇ ਇਕ ਹਾਰ ਨਾਲ ਅੱਠ ਅੰਕ ਨਾਲ ਸਿਖਰ ’ਤੇ ਪੁੱਜ ਗਈ ਹੈ।
ਇਸ ਤੋਂ ਪਹਿਲਾਂ ਕਪਤਾਨ ਇਓਨ ਮੌਰਗਨ ਦੇ ਤੂਫ਼ਾਨੀ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਅੱਜ ਇੱਥੇ ਅਫ਼ਗਾਨਿਸਤਾਨ ਖ਼ਿਲਾਫ਼ ਰਿਕਾਰਡਾਂ ਦੀ ਝੜੀ ਲਾਉਂਦਿਆਂ ਛੇ ਵਿਕਟਾਂ ’ਤੇ 397 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਮੌਰਗਨ ਨੇ 28 ਦੌੜਾਂ ’ਤੇ ਮਿਲੇ ਜੀਵਨਦਾਨ ਦਾ ਪੂਰਾ ਫ਼ਾਇਦਾ ਉਠਾਉਂਦਿਆਂ ਰੂਟ ਨਾਲ ਤੀਜੀ ਵਿਕਟ ਲਈ 189 ਦੌੜਾਂ ਦੀ ਭਾਈਵਾਲੀ ਕੀਤੀ। ਰੂਟ ਅਤੇ ਬੇਅਰਸਟੋ ਨੇ ਵੀ ਦੂਜੀ ਵਿਕਟ ਲਈ 120 ਦੌੜਾਂ ਬਣਾਈਆਂ। ਮੇਜ਼ਬਾਨ ਟੀਮ ਨੇ ਆਖ਼ਰੀ 15 ਓਵਰਾਂ ਵਿੱਚ 198 ਦੌੜਾਂ ਜੋੜੀਆਂ। ਕਪਤਾਨ ਗੁਲਬਦਿਨ ਨਾਇਬ ਨੇ 68, ਜਦਕਿ ਤੇਜ਼ ਗੇਂਦਬਾਜ਼ ਦੌਲਤ ਜ਼ਾਦਰਾਨ ਨੇ 85 ਦੌੜਾਂ ਦੇ ਕੇ ਤਿੰਨ-ਤਿੰਨ ਵਿਕਟਾਂ ਝਟਕਾਈਆਂ। ਸਟਾਰ ਸਪਿੰਨਰ ਰਾਸ਼ਿਦ ਖ਼ਾਨ ਕਾਫ਼ੀ ਮਹਿੰਗਾ ਸਾਬਤ ਹੋਇਆ। ਉਸ ਨੇ ਨੌਂ ਓਵਰਾਂ ਵਿੱਚ 110 ਦੌੜਾਂ ਦਿੱਤੀਆਂ, ਜਦਕਿ ਉਸ ਨੂੰ ਕੋਈ ਵਿਕਟ ਵੀ ਨਹੀਂ ਮਿਲੀ। ਰਾਸ਼ਿਦ ਦਾ ਇਹ ਪ੍ਰਦਰਸ਼ਨ ਵਿਸ਼ਵ ਕੱਪ ਮੈਚ ਵਿੱਚ ਕਿਸੇ ਗੇਂਦਬਾਜ਼ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਹੈ। ਉਹ ਅਫ਼ਗਾਨਿਸਤਾਨ ਵੱਲੋਂ ਕਿਸੇ ਇੱਕ ਰੋਜ਼ਾ ਮੈਚ ਵਿੱਚ ਸਭ ਤੋਂ ਮਹਿੰਗਾ ਗੇਂਦਬਾਜ਼ ਵੀ ਸਾਬਤ ਹੋਇਆ। ਰਾਸ਼ਿਦ ਖ਼ਿਲਾਫ਼ 11 ਛੱਕੇ ਲੱਗੇ, ਜੋ ਵਿਸ਼ਵ ਕੱਪ ਮੈਚ ਵਿੱਚ ਰਿਕਾਰਡ ਹੈ। ਇੰਗਲੈਂਡ ਦੀ ਪਾਰੀ ਵਿੱਚ 25 ਛੱਕੇ ਲੱਗੇ, ਜੋ ਵਿਸ਼ਵ ਰਿਕਾਰਡ ਹੈ। ਇਸ ਤੋਂ ਪਹਿਲਾਂ ਇੰਗਲੈਂਡ ਨੇ ਹੀ ਵੈਸਟ ਇੰਡੀਜ਼ ਖ਼ਿਲਾਫ਼ ਇੱਕ ਪਾਰੀ ਵਿੱਚ 24 ਛੱਕੇ ਮਾਰੇ ਸਨ।
ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਟੀਮ ਨੂੰ ਬੇਅਰਸਟੋ ਅਤੇ ਜ਼ਖ਼ਮੀ ਜੇਸਨ ਰਾਏ ਦੀ ਥਾਂ ਖੇਡ ਰਹੇ ਜੇਮਜ਼ ਵਿੰਸ (26 ਦੌੜਾਂ) ਨੇ ਪਹਿਲੀ ਵਿਕਟ ਲਈ 44 ਦੌੜਾਂ ਜੋੜ ਕੇ ਚੰਗੀ ਸ਼ੁਰੂਆਤ ਦਿਵਾਈ। ਜ਼ਾਦਰਾਨ ਨੇ ਵਿੰਸ ਨੂੰ ਮੁਜ਼ੀਬ-ਉਰ-ਰਹਿਮਾਨ ਹੱਥੋਂ ਕੈਚ ਕਰਵਾ ਕੇ ਇਸ ਭਾਈਵਾਲੀ ਨੂੰ ਤੋੜਿਆ। ਬੇਅਰਸਟੋ ਅਤੇ ਰੂਟ ਨੇ ਇਸ ਮਗਰੋਂ ਅਗਲੇ 20 ਓਵਰਾਂ ਤੋਂ ਵੱਧ ਸਮੇਂ ਤੱਕ ਅਫ਼ਗਾਨਿਸਤਾਨ ਦੇ ਗੇਂਦਬਾਜ਼ਾਂ ਨੂੰ ਫਟਕਣ ਨਹੀਂ ਦਿੱਤਾ। ਬੇਅਰਸਟੋ ਨੇ ਸਪਿੰਨਰ ਰਹਿਮਤ ਸ਼ਾਹ ਨੂੰ ਪਾਰੀ ਦਾ ਪਹਿਲਾ ਛੱਕਾ ਜੜਿਆ। ਰੂਟ ਨੇ ਨਾਇਬ ਦੀ ਗੇਂਦ ’ਤੇ ਇੱਕ ਦੌੜ ਨਾਲ 20ਵੇਂ ਓਵਰ ਵਿੱਚ ਟੀਮ ਦੀਆਂ 100 ਦੌੜਾਂ ਪੂਰੀਆਂ ਕੀਤੀਆਂ। ਇਸ ਓਵਰ ਵਿੱਚ ਬੇਅਰਸਟੋ ਨੇ 61 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਜੋ ਇੱਕ ਰੋਜ਼ਾ ਕ੍ਰ਼ਿਕਟ ਵਿੱਚ ਉਸ ਦਾ ਸਭ ਤੋਂ ਧੀਮਾ ਨੀਮ ਸੈਂਕੜਾ ਹੈ। ਬੇਅਰਸਟੋ ਨੇ ਇਸ ਮਗਰੋਂ ਰਾਸ਼ਿਦ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦੇ ਓਵਰ ਵਿੱਚ ਚੌਕਾ ਅਤੇ ਛੱਕਾ ਮਾਰਿਆ ਅਤੇ ਫਿਰ ਮੁਹੰਮਦ ਨਬੀ ਦੀ ਗੇਂਦ ’ਤੇ ਵੀ ਛੱਕਾ ਜੜਿਆ। ਬੇਅਰਸਟੋ ਨਾਇਬ ਦੀ ਗੇਂਦ ’ਤੇ ਉਸੇ ਨੂੰ ਕੈਚ ਦੇ ਕੇ ਪੈਵਿਲੀਅਨ ਪਰਤ ਗਿਆ। ਉਸ ਨੇ 99 ਗੇਂਦਾਂ ਦਾ ਸਾਹਮਣਾ ਕਰਦਿਆਂ ਅੱਠ ਚੌਕੇ ਅਤੇ ਤਿੰਨ ਛੱਕੇ ਮਾਰੇ।
ਇਸ ਮਗਰੋਂ ਇੰਗਲੈਂਡ ਦੇ ਕਪਤਾਨ ਮੌਰਗਨ ਨੇ ਵੱਖਰਾ ਨਜ਼ਾਰਾ ਪੇਸ਼ ਕੀਤਾ। ਉਸ ਨੇ ਨਾਇਬ ਨੂੰ ਲਗਾਤਾਰ ਦੋ ਛੱਕੇ ਮਾਰ ਕੇ ਆਪਣੇ ਇਰਾਦੇ ਜ਼ਾਹਰ ਕੀਤੇ। ਮੌਰਗਨ ਨੂੰ ਉਸ ਸਮੇਂ ਜੀਵਨ ਦਾਨ ਮਿਲਿਆ, ਜਦੋਂ 36ਵੇਂ ਓਵਰ ਵਿੱਚ ਰਾਸ਼ਿਦ ਦੀ ਗੇਂਦ ’ਤੇ ਦੌਲਤ ਹੱਥੋਂ ਉਸ ਦਾ ਕੈਚ ਛੁੱਟ ਕੇ ਚੌਕੇ ਲਈ ਚਲਾ ਗਿਆ। ਇੰਗਲੈਂਡ ਦੇ ਕਪਤਾਨ ਨੇ ਇਸ ਓਵਰ ਵਿੱਚ ਦੋ ਹੋਰ ਛੱਕੇ ਮਾਰੇ ਅਤੇ ਇੰਗਲੈਂਡ ਦਾ ਸਕੋਰ 200 ਦੌੜਾਂ ਤੋਂ ਪਾਰ ਪਹੁੰਚਾਇਆ। ਰੂਟ ਨੇ ਇਸ ਦੌਰਾਨ ਨਬੀ ਦੀ ਗੇਂਦ ’ਤੇ ਇੱਕ ਦੌੜ ਨਾਲ 54 ਗੇਂਦਾਂ ਵਿੱਚ ਆਪਣਾ ਨੀਮ ਸੈਂਕੜਾ ਪੂਰਾ ਕੀਤਾ।