ਲੰਡਨ, 10 ਜੂਨ
ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਸੈਂਕੜੇ ਅਤੇ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਆਈਸੀਸੀ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਅੱਜ ਇੱਥੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾ ਦਿੱਤਾ। ਧਵਨ ਅਤੇ ਸੀਨੀਅਰ ਕ੍ਰਮ ਦੇ ਬੱਲੇਬਾਜ਼ਾਂ ਦੀ ਮਦਦ ਨਾਲ ਭਾਰਤ ਨੇ ਪੰਜ ਵਿਕਟਾਂ ’ਤੇ 352 ਦੌੜਾਂ ਬਣਾਈਆਂ, ਜਦੋਂਕਿ ਆਸਟਰੇਲਿਆਈ ਟੀਮ ਸਾਰੀਆਂ ਵਿਕਟਾਂ ਗੁਆ ਕੇ 50 ਓਵਰਾਂ ਵਿੱਚ 316 ਦੌੜਾਂ ਹੀ ਬਣਾ ਸਕੀ। ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ, ਜਦੋਂਕਿ ਆਸਟਰੇਲੀਆ ਦੀ ਤਿੰਨ ਮੈਚਾਂ ਵਿੱਚ ਪਹਿਲੀ ਹਾਰ ਹੈ। ਭਾਰਤ ਦੀ ਇਸ ਜਿੱਤ ਨਾਲ ਉਸ ਦਾ ਆਸਟਰੇਲੀਆ ਖ਼ਿਲਾਫ਼ ਵਿਸ਼ਵ ਕੱਪ ਵਿੱਚ ਹਾਰ-ਿਜੱਤ ਦਾ ਰਿਕਾਰਡ 12-4 ਹੋ ਗਿਆ ਹੈ।
ਆਸਟਰੇਲੀਆ ਦੇ ਬੱਲੇਬਾਜ਼ਾਂ ਡੇਵਿਡ ਵਾਰਨਰ (56 ਦੌੜਾਂ), ਸਟੀਵ ਸਮਿੱਥ (69 ਦੌੜਾਂ) ਅਤੇ ਅਲੈਕਸ ਕੈਰੀ (52 ਦੌੜਾਂ) ਨੇ ਨੀਮ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ, ਜਦੋਂਕਿ ਉਸਮਾਨ ਖਵਾਜਾ ਨੇ 42 ਦੌੜਾਂ ਅਤੇ ਆਰੋਨ ਫਿੰਚ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵੱਲੋਂ ਸਭ ਤੋਂ ਵੱਧ ਵਿਕਟਾਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (61 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਲਈਆਂ, ਜਦੋਂਕਿ ਭੁਵਨੇਸ਼ਵਰ ਕੁਮਾਰ (48 ਦੌੜਾਂ ਦੇ ਕੇ ਦੋ) ਅਤੇ ਯੁਜ਼ਵੇਂਦਰ ਚਾਹਲ (62 ਦੌੜਾਂ ਦੇ ਕੇ) ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।
‘ਮੈਨ ਆਫ਼ ਦਿ ਮੈਚ’ ਬਣੇ ਧਵਨ ਨੇ 109 ਗੇਂਦਾਂ ਵਿੱਚ 16 ਚੌਕਿਆਂ ਦੀ ਮਦਦ ਨਾਲ 117 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਸਾਥੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (57 ਦੌੜਾਂ) ਨਾਲ ਪਹਿਲੀ ਵਿਕਟ ਲਈ 127 ਅਤੇ ਕਪਤਾਨ ਵਿਰਾਟ ਕੋਹਲੀ (82 ਦੌੜਾਂ) ਨਾਲ ਦੂਜੀ ਵਿਕਟ ਲਈ 93 ਦੌੜਾਂ ਦੀ ਭਾਈਵਾਲੀ ਕੀਤੀ। ਕੋਹਲੀ ਨੇ ਹਾਰਦਿਕ ਪਾਂਡਿਆ (27 ਗੇਂਦਾਂ ਵਿੱਚ 48 ਦੌੜਾਂ) ਨਾਲ ਤੀਜੀ ਵਿਕਟ ਲਈ 9.5 ਓਵਰਾਂ ਵਿੱਚ 81 ਦੌੜਾਂ ਅਤੇ ਮਹਿੰਦਰ ਸਿੰਘ ਧੋਨੀ (14 ਗੇਂਦਾਂ ਵਿੱਚ 27 ਦੌੜਾਂ) ਨਾਲ 37 ਦੌੜਾਂ ਦੀ ਤੇਜ਼ਤਰਾਰ ਭਾਈਵਾਲੀ ਕੀਤੀ, ਜਿਸ ਨਾਲ ਭਾਰਤ ਆਖ਼ਰੀ ਦਸ ਓਵਰਾਂ ਵਿੱਚ 116 ਦੌੜਾਂ ਜੋੜ ਕੇ ਆਸਟਰੇਲੀਆ ਖ਼ਿਲਾਫ਼ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਸਕੋਰ ਖੜ੍ਹਾ ਕਰਨ ਵਾਲੀ ਟੀਮ ਬਣੀ। ਕੋਹਲੀ ਨੇ 77 ਗੇਂਦਾਂ ਦੀ ਆਪਣੀ ਪਾਰੀ ਦੌਰਾਨ ਦੋ ਛੱਕੇ ਅਤੇ ਚਾਰ ਚੌਕੇ ਮਾਰੇ। ਆਸਟਰੇਲੀਆ ਵੱਲੋਂ ਮਾਰਕਸ ਸਟੌਈਨਿਸ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 62 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਜਿਸ ਮਗਰੋਂ ਸ਼ਿਖਰ ਅਤੇ ਰੋਹਿਤ ਨੇ ਸੈਂਕੜੇ ਵਾਲੀਆਂ ਸਾਂਝੇਦਾਰੀ ਕਰਕੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ। ਸ਼ਿਖਰ ਅਤੇ ਰੋਹਿਤ ਨੇ ਸ਼ੁਰੂ ਵਿੱਚ ਚੌਕਸੀ ਨਾਲ ਖੇਡਣਾ ਸ਼ੁਰੂ ਕੀਤਾ, ਜਿਸ ਕਾਰਨ ਭਾਰਤੀ ਟੀਮ ਪਹਿਲੇ ਸੱਤ ਓਵਰਾਂ ਵਿੱਚ 22 ਦੌੜਾਂ ਹੀ ਬਣਾ ਸਕੀ। ਰੋਹਿਤ ਇਸ ਦੌਰਾਨ ਦੋ ਦੌੜਾਂ ਦੇ ਸਕੋਰ ’ਤੇ ਖ਼ੁਸਕਿਸਮਤ ਰਿਹਾ, ਜਦੋਂ ਮਿਸ਼ੇਲ ਸਟਾਰਕ (74 ਦੌੜਾਂ ਦੇ ਕੇ ਇੱਕ ਵਿਕਟ) ਦੇ ਦੂਜੇ ਓਵਰ ਵਿੱਚ ਨਾਥਨ ਕੋਲਟਰ ਨਾਈਲ (63 ਦੌੜਾਂ ਦੇ ਕੇ ਇੱਕ ਵਿਕਟ) ਨੇ ਸ਼ਾਰਟ ਮਿਡਵਿਕਟ ’ਤੇ ਉਸ ਦਾ ਕੈਚ ਛੱਡ ਦਿੱਤਾ। ਧਵਨ ਨੇ ਪੰਜਵੇਂ ਓਵਰ ਵਿੱਚ ਪੈਟ ਕਮਿਨਜ਼ (55 ਦੌੜਾਂ ਦੇ ਕੇ ਇੱਕ ਵਿਕਟ) ’ਤੇ ਪਾਰੀ ਦਾ ਪਹਿਲਾ ਚੌਕਾ ਮਾਰਿਆ ਅਤੇ ਫਿਰ ਕੋਲਟਰ ਨਾਈਲ ਦਾ ਸਵਾਗਤ ਤਿੰਨ ਚੌਕਿਆਂ ਨਾਲ ਕੀਤਾ। ਭਾਰਤ ਨੇ ਪਾਵਰ-ਪਲੇਅ ਦੌਰਾਨ ਬਿਨਾਂ ਵਿਕਟ ਗੁਆਏ 41 ਦੌੜਾਂ ਬਣਾਈਆਂ। ਪਹਿਲਾ ਪਾਵਰ-ਪਲੇਅ ਪੂਰਾ ਹੋਣ ਮਗਰੋਂ ਰੋਹਿਤ ਅਤੇ ਸ਼ਿਖਰ ਨੇ ਬੇਫ਼ਿਕਰ ਹੋ ਕੇ ਬੱਲੇਬਾਜ਼ੀ ਕੀਤੀ। ਰੋਹਿਤ ਇਸ ਦੌਰਾਨ ਆਸਟਰੇਲੀਆ ਖ਼ਿਲਾਫ਼ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ 2000 ਦੌੜਾਂ ਪੂਰੀਆਂ ਕਰਨ ਵਾਲਾ ਭਾਰਤ ਦਾ ਦੂਜਾ ਅਤੇ ਦੁਨੀਆਂ ਦਾ ਚੌਥਾ ਬੱਲੇਬਾਜ਼ ਬਣਿਆ। ਰੋਹਿਤ ਨੇ ਆਸਟਰੇਲੀਆ ਖ਼ਿਲਾਫ਼ ਸਿਰਫ਼ 37ਵੇਂ ਮੈਚ ਦੀ 37ਵੀਂ ਵੀ ਪਾਰੀ ਵਿੱਚ ਇਹ ਉਪਲਬਧੀ ਹਾਸਲ ਕੀਤੀ, ਜੋ ਕਿਸੇ ਬੱਲੇਬਾਜ਼ ਦੀਆਂ ਕਿਸੇ ਟੀਮ ਖ਼ਿਲਾਫ਼ ਸਭ ਤੋਂ ਘੱਟ ਪਾਰੀਆਂ ਵਿੱਚ 2000 ਦੌੜਾਂ ਹਨ।
ਧਵਨ ਨੇ ਸਟੋਈਨਿਸ ਦੀ ਗੇਂਦ ’ਤੇ ਇੱਕ ਦੌੜ ਨਾਲ 53 ਗੇਂਦਾਂ ਵਿੱਚ ਨੀਮ ਸੈਂਕੜਾ ਪੂਰਾ ਕੀਤਾ, ਜਦਕਿ ਰੋਹਿਤ ਨੇ ਸਟਾਰਕ ਦੀ ਗੇਂਦ ’ਤੇ ਚੌਕਾ ਮਾਰ ਕੇ 61 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਰੋਹਿਤ ਹਾਲਾਂਕਿ ਇਸ ਮਗਰੋਂ ਕੋਲਟਰ ਨਾਈਲ ਦੀ ਗੇਂਦ ’ਤੇ ਵਿਕਟਕੀਪਰ ਅਲੈਕਸ ਕੈਰੀ ਹੱਥੋਂ ਕੈਚ ਆਊਟ ਹੋਇਆ। ਧਵਨ ਨੂੰ ਇਸ ਮਗਰੋਂ ਕਪਤਾਨ ਕੋਹਲੀ ਵਜੋਂ ਸ਼ਾਨਦਾਰ ਭਾਈਵਾਲ ਮਿਲਿਆ। ਦੋਵਾਂ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ ਅਤੇ 34ਵੇਂ ਓਵਰ ਵਿੱਚ ਭਾਰਤ ਦਾ ਸਕੋਰ 200 ਦੌੜਾਂ ਤੋਂ ਪਾਰ ਪਹੁੰਚਾਇਆ। ਧਵਨ ਨੇ ਸਟੋਈਨਿਸ ਦੀ ਗੇਂਦ ’ਤੇ ਇੱਕ ਦੌੜ ਨਾਲ 95 ਗੇਂਦਾਂ ਵਿੱਚ ਸੈਂਕੜਾ ਪੂਰਾ ਕੀਤਾ। ਇਸ ਦੌਰਾਨ ਕੋਹਲੀ ਰਨ ਆਊਟ ਹੋਣ ਤੋਂ ਬਚਿਆ। ਇਸ ਓਵਰ ਥਰੋਅ ਦੌਰਾਨ ਧਵਨ ਨੇ ਇੱਕ ਦੌੜ ਲੈ ਕੇ ਆਪਣਾ ਸੈਂਕੜਾ ਪੂਰਾ ਕੀਤਾ। ਧਵਨ ਇਸ ਮਗਰੋਂ ਜ਼ਿਆਦਾ ਸਮਾਂ ਨਹੀਂ ਟਿਕ ਸਕਿਆ ਅਤੇ ਸਟਾਰਕ ਦੀ ਗੇਂਦ ’ਤੇ ਛੱਕਾ ਲਾਉਣ ਦੇ ਚੱਕਰ ਵਿੱਚ ਨਾਥਨ ਲਿਓਨ ਨੂੰ ਕੈਚ ਦੇ ਬੈਠਾ।ਹਾਰਦਿਕ ਪਾਂਡਿਆ ਪਹਿਲੀ ਹੀ ਗੇਂਦ ’ਤੇ ਖ਼ੁਸ਼ਕਿਸਮਤ ਰਿਹਾ, ਜਦੋਂ ਵਿਕਟਕੀਪਰ ਕੈਰੀ ਹੱਥੋਂ ਉਸ ਦਾ ਕੈਚ ਛੁੱਟ ਗਿਆ। ਕੋਹਲੀ ਨੇ ਮੈਕਸਵੈੱਲ ਦੀ ਗੇਂਦ ’ਤੇ ਇੱਕ ਦੌੜ ਨਾਲ 55 ਗੇਂਦਾਂ ਵਿੱਚ ਆਪਣਾ 50ਵਾਂ ਅਰਧ ਸੈਂਕੜਾ ਪੂਰਾ ਕੀਤਾ। ਵਿਸ਼ਵ ਕੱਪ ਵਿੱਚ ਇਹ ਸਿਰਫ਼ ਦੂਜਾ ਮੌਕਾ ਹੈ, ਜਦੋਂ ਭਾਰਤ ਦੇ ਸੀਨੀਅਰ ਤਿੰਨ ਬੱਲੇਬਾਜ਼ 50 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਿੱਚ ਸਫਲ ਰਹੇ ਹਨ। ਇਸ ਤੋਂ ਪਹਿਲਾਂ 2011 ਵਿੱਚ ਨਾਗਪੁਰ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਭਾਰਤ ਨੇ ਇਹ ਉਪਲਬਧੀ ਹਾਸਲ ਕੀਤੀ ਸੀ।