ਨਾਟਿੰਘਮ, 4 ਜੂਨ
ਪਾਕਿਸਤਾਨ ਨੇ ਆਈਸੀਸੀ ਵਿਸ਼ਵ ਕੱਪ ਮੈਚ ’ਚ ਸੋਮਵਾਰ ਨੂੰ ਇੱਥੇ ਮੇਜ਼ਬਾਨ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾਇਆ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਅੱਠ ਵਿਕਟਾਂ ਗੁਆ ਕੇ 348 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਇੰਗਲੈਂਡ ਨੌਂ ਵਿਕਟਾਂ ’ਤੇ 334 ਦੌੜਾਂ ਹੀ ਬਣਾ ਸਕਿਆ। ਇੰਗਲੈਂਡ ਵੱਲੋਂ ਜੋ ਰੂਟ ਨੇ 104 ਗੇਂਦਾਂ ’ਚ 107 ਤੇ ਬਟਲਰ ਨੇ 67 ਗੇਂਦਾਂ ’ਚ 103 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਮੁਹੰਮਦ ਹਫ਼ੀਜ਼ ਦੀ ਖੇਡੀ ਗਈ ਸ਼ਾਨਦਾਰ ਅਰਧ ਸੈਂਕੜਾ ਪਾਰੀ ਅਤੇ ਹੋਰ ਬੱਲੇਬਾਜ਼ਾਂ ਵੱਲੋਂ ਪਾਏ ਯੋਗਦਾਨ ਦੀ ਬਦੌਲਤ ਪਾਕਿਸਤਾਨ ਨੇ ਮੇਜ਼ਬਾਨ ਇੰਗਲੈਂਡ ਖ਼ਿਲਾਫ਼ ਆਈਸੀਸੀ ਵਿਸ਼ਵ ਕੱਪ ਮੈਚ ਵਿੱਚ ਅੱਜ ਇੱਥੇ ਅੱਠ ਵਿਕਟਾਂ ’ਤੇ 348 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਇਸ ਟੂਰਨਾਮੈਂਟ ਵਿੱਚ ਨਿੱਜੀ ਸੈਂਕੜੇ ਤੋਂ ਬਿਨਾਂ ਇਹ ਸਰਵੋਤਮ ਸਕੋਰ ਹੈ।
ਹਫ਼ੀਜ਼ ਨੇ 62 ਗੇਂਦਾਂ ’ਤੇ ਅੱਠ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 84 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਬਾਬਰ ਆਜ਼ਮ (66 ਗੇਂਦਾਂ ’ਤੇ 63 ਦੌੜਾਂ) ਅਤੇ ਕਪਤਾਨ ਸਰਫ਼ਰਾਜ਼ ਅਹਿਮਦ (44 ਗੇਂਦਾਂ ’ਤੇ 55 ਦੌੜਾਂ) ਨੇ ਵੀ ਅਰਧ ਸੈਂਕੜੇ ਜੜੇ। ਇਸ ਦੌਰਾਨ ਪਾਕਿਸਤਾਨ ਵੱਲੋਂ 80 ਦੌੜਾਂ ਤੋਂ ਵੱਧ ਦੀਆਂ ਤਿੰਨ ਭਾਈਵਾਲੀਆਂ ਨਿਭਾਈਆਂ ਗਈਆਂ। ਮੇਜ਼ਬਾਨ ਟੀਮ ਦਾ ਤੇਜ਼ ਗੇਂਦਬਾਜ਼ ਜੌਫਰਾ ਆਰਚਰ ਨਹੀਂ ਚੱਲ ਸਕਿਆ। ਉਸ ਨੇ ਦਸ ਓਵਰਾਂ ਵਿੱਚ 79 ਦੌੜਾਂ ਦਿੱਤੀਆਂ। ਮੋਈਨ ਅਲੀ (50 ਦੌੜਾਂ ਦੇ ਕੇ ਤਿੰਨ) ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ, ਜਦਕਿ ਮਾਰਕ ਵੁੱਡ (53 ਦੌੜਾਂ ਦੇ ਕੇ ਦੋ) ਨੇ ਦੋ ਵਿਕਟਾਂ ਲਈਆਂ। ਕ੍ਰਿਸ ਵੌਕਸ (71 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਚਾਰ ਕੈਚ ਲਏ ਅਤੇ ਵਿਸ਼ਵ ਕੱਪ ਵਿੱਚ ਇਹ ਕਮਾਲ ਕਰਨ ਵਾਲਾ ਚੌਥਾ ਫੀਲਡਰ ਬਣਿਆ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹਾਲ ਹੀ ਵਿੱਚ ਖੇਡੀ ਗਈ ਪੰਜ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਇੰਗਲੈਂਡ ਦਾ ਦਬਦਬਾ ਰਿਹਾ ਸੀ। ਉਦੋਂ ਇਯੋਨ ਮੌਰਗਨ ਦੀ ਅਗਵਾਈ ਵਾਲੀ ਟੀਮ ਨੇ ਆਸਾਨੀ ਟੀਚੇ ਹਾਸਲ ਕੀਤੇ ਸਨ। ਹਾਲਤਾਂ ਬੱਲੇਬਾਜ਼ ਦੇ ਅਨੁਕੂਲ ਹਨ ਅਤੇ ਪਾਕਿਸਤਾਨ ਸਿਰਫ਼ ਚਾਰ ਮੁੱਖ ਗੇਂਦਬਾਜ਼ਾਂ ਨਾਲ ਉਤਰਿਆ ਹੈ।
ਵੈਸਟ ਇੰਡੀਜ਼ ਖ਼ਿਲਾਫ਼ ਸਿਰਫ਼ 105 ਦੌੜਾਂ ’ਤੇ ਢੇਰ ਹੋਣ ਵਾਲੇ ਪਾਕਿਸਤਾਨੀ ਬੱਲੇਬਾਜ਼ਾਂ ਨੇ ਸ਼ਾਨਦਾਰ ਵਾਪਸੀ ਕੀਤੀ। ਇਮਾਮ-ਉੱਲ-ਹੱਕ (44 ਦੌੜਾਂ) ਅਤੇ ਫਖ਼ਰ ਜ਼ਮਾਨ (36 ਦੌੜਾਂ) ਨੇ ਪਹਿਲੀ ਵਿਕਟ ਲਈ 86 ਦੌੜਾਂ ਬਣਾਈਆਂ। ਇਸ ਭਾਈਵਾਲੀ ਦੀ ਖ਼ਾਸੀਅਤ ਇਹ ਰਹੀ ਕਿ ਇਨ੍ਹਾਂ ਦੋਵਾਂ ਨੇ ਜੌਫਰਾ ਆਰਚਰ ਵਰਗੇ ਗੇਂਦਬਾਜ਼ਾਂ ਨੂੰ ਆਪਣੇ-ਆਪ ’ਤੇ ਭਾਰੂ ਨਹੀਂ ਪੈਣ ਦਿੱਤਾ। ਵੋਕਸ ਦੀ ਗੇਂਦ ’ਤੇ ਇਮਾਮ ਦੇ ਜੜੇ ਛੱਕੇ ਤੋਂ ਉਨ੍ਹਾਂ ਦਾ ਆਤਮ-ਵਿਸ਼ਵਾਸ ਝਲਕ ਰਿਹਾ ਸੀ।
ਫ਼ਿਰਕੀ ਗੇਂਦਬਾਜ਼ ਵਜੋਂ ਉਤਰੇ ਮੋਈਨ ਅਲੀ ਨੇ ਦੋਵਾਂ ਦੀ ਭਾਈਵਾਲੀ ਤੋੜੀ, ਪਰ ਇਸ ਵਿੱਚ ਜੋਸ ਬਟਲਰ ਦਾ ਯੋਗਦਾਨ ਅਹਿਮ ਰਿਹਾ, ਜਿਸ ਨੇ ਫੁਰਤੀ ਵਰਤਦਿਆਂ ਫਖ਼ਰ ਨੂੰ ਸਟੰਪ ਕੀਤਾ। ਮੋਈਨ ਨੇ ਹੀ ਇਮਾਮ ਨੂੰ ਪੈਵਿਲੀਅਨ ਭੇਜਿਆ, ਜਦੋਂ ਵੌਕਸ ਨੇ ਦੌੜ ਲਾ ਕੇ ਲਾਂਗ ਆਫ ’ਤੇ ਸ਼ਾਨਦਾਰ ਕੈਚ ਲਿਆ। ਲੈੱਗ ਸਪਿੰਨਰ ਆਦਿਲ ਰਾਸ਼ਿਦ ਨੂੰ ਆਪਣੇ ਦੂਜੇ ਓਵਰ ਵਿੱਚ ਹਫ਼ੀਜ਼ ਦੀ ਵਿਕਟ ਮਿਲ ਜਾਂਦੀ, ਪਰ ਬਿਹਤਰੀਨ ਫੀਲਡਰਾਂ ਵਿੱਚੋਂ ਇੱਕ ਜੇਸਨ ਰਾਏ ਨੇ ਉਸ ਦਾ ਆਸਾਨ ਕੈਚ ਛੱਡ ਦਿੱਤਾ। ਹਫ਼ੀਜ਼ ਉਦੋਂ 14 ਦੌੜਾਂ ’ਤੇ ਸੀ ਅਤੇ ਉਸ ਨੇ ਇਸ ਦਾ ਪੂਰਾ ਫ਼ਾਇਦਾ ਉਠਾਇਆ ਅਤੇ 39 ਗੇਂਦਾਂ ’ਤੇ ਆਪਣਾ 38ਵਾਂ ਅਰਧ-ਸੈਂਕੜਾ ਪੂਰਾ ਕੀਤਾ।
ਇਸ ਤੋਂ ਪਹਿਲਾਂ ਬਾਬਰ ਨੇ ਇੱਕ ਰੋਜ਼ਾ ਵਿੱਚ ਆਪਣਾ 13ਵਾਂ ਅਰਧ-ਸੈਂਕੜਾ ਮਾਰਿਆ ਸੀ। ਇਨ੍ਹਾਂ ਦੋਵਾਂ ਵਿਚਾਲੇ ਤੀਜੀ ਵਿਕਟ ਲਈ 88 ਦੌੜਾਂ ਦੀ ਭਾਈਵਾਲੀ ਫਿਰ ਮੋਈਨ ਨੇ ਤੋੜੀ।
ਮਾਰਕ ਵੁੱਡ ਦੇ ਓਵਰ ਵਿੱਚ ਹਫ਼ੀਜ਼ ਦੇ ਖੇਡੇ ਗਏ ਸ਼ਾਟ ਨੂੰ ਵੌਕਸ ਨੇ ਫਿਰ ਲਾਂਗ ਆਫ ’ਤੇ ਇੱਕ ਹੋਰ ਲਾਜਵਾਬ ਕੈਚ ਲੈ ਕੇ ਉਸ ਦੀ ਪਾਰੀ ਦਾ ਅੰਤ ਕੀਤਾ।