ਨਵੀਂ ਦਿੱਲੀ, 27 ਮਈ
ਭਾਰਤ ਦੀ ਅਪੂਰਵੀ ਚੰਦੇਲਾ ਨੇ ਆਪਣੀ ਸੁਨਿਹਰੀ ਲੈਅ ਜਾਰੀ ਰੱਖਦਿਆਂ ਜਰਮਨੀ ਦੇ ਮਿਊਨਿਖ ਵਿੱਚ ਚੱਲ ਰਹੇ ਸਾਲ ਦੇ ਤੀਜੇ ਆਈਐੱਸਐੱਸਐੱਫ ਰਾਈਫਲ/ਪਿਸਟਲ ਵਿਸ਼ਵ ਕੱਪ ਵਿੱਚ ਅੱਜ ਕਰੀਬੀ ਮੁਕਾਬਲੇ ਵਿੱਚ ਮਹਿਲਾਵਾਂ ਦੇ ਦਸ ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਭਾਰਤ ਦੀਆਂ ਤਿੰਨ ਹੋਰ ਨਿਸ਼ਾਨੇਬਾਜ਼ ਅੰਜੁਮ ਮੌਦਗਿਲ, ਮਨੂ ਭਾਕਰ ਅਤੇ ਚਿੰਕੀ ਯਾਦਵ ਕ੍ਰਮਵਾਰ 11ਵੇਂ, 24ਵੇਂ ਅਤੇ 95ਵੇਂ ਸਥਾਨ ’ਤੇ ਰਹੀਆਂ।
ਜੈਪੁਰ ਦੀ ਇਸ ਨਿਸ਼ਾਨੇਬਾਜ਼ ਨੇ ਫਾਈਨਲ ਵਿੱਚ 251 ਅੰਕ ਦਾ ਸਕੋਰ ਬਣਾਇਆ ਅਤੇ ਚੀਨ ਦੀ ਵਾਂਗ ਲੁਆਓ ਤੋਂ ਅੱਗੇ ਰਹੀ, ਜਿਸ ਨੇ 250.8 ਅੰਕ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਚੀਨ ਦੀ ਜ਼ੁ ਹੌਂਗ 229.4 ਅੰਕ ਨਾਲ ਤੀਜੇ ਸਥਾਨ ’ਤੇ ਰਹੀ। ਅਪੂਰਵੀ ਅਤੇ ਵਾਂਗ ਵਿਚਾਲੇ ਮੁਕਾਬਲਾ ਕਾਫ਼ੀ ਕਰੀਬੀ ਰਿਹਾ, ਜਿਸ ਵਿੱਚ ਇਹ ਭਾਰਤੀ ਸਿਰਫ਼ 0.1 ਅੰਕ ਨਾਲ ਅੱਗੇ ਸੀ। ਅਪੂਰਵੀ ਨੇ ਅਖ਼ੀਰ ਵਿੱਚ 10.4 ਅੰਕ ਨਾਲ ਸੋਨ ਤਗ਼ਮਾ ਹਾਸਲ ਕੀਤਾ, ਜਦਕਿ ਵਾਂਗ 10.3 ਅੰਕ ਹੀ ਬਣਾ ਸਕੀ।
ਇਹ ਅਪੂਰਵੀ ਦਾ ਸਾਲ ਵਿੱਚ ਦੂਜਾ ਆਈਐੱਸਐੱਸਐੱਫ ਵਿਸ਼ਵ ਕੱਪ ਸੋਨ ਤਗ਼ਮਾ ਹੈ। ਉਸ ਨੇ ਫਰਵਰੀ ਵਿੱਚ ਨਵੀਂ ਦਿੱਲੀ ਵਿੱਚ ਵਿਸ਼ਵ ਰਿਕਾਰਡ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦੋਂਕਿ ਪੇਈਚਿੰਗ ਵਿੱਚ ਦੂਜੇ ਵਿਸ਼ਵ ਕੱਪ ਦੌਰਾਨ ਉਹ ਚੌਥੇ ਸਥਾਨ ’ਤੇ ਰਹੀ ਸੀ।
ਇਹ ਉਸ ਦੇ ਕਰੀਅਰ ਦਾ ਚੌਥਾ ਆਈਐਸਐਸਐਫ ਤਗ਼ਮਾ ਹੈ। ਇੱਕ ਹੋਰ ਭਾਰਤੀ ਇਲਾਵੈਨਿਲ ਵਲਾਰਿਵਾਨ ਵੀ ਫਾਈਨਲ ਤੱਕ ਪਹੁੰਚੀ, ਪਰ ਤਗ਼ਮੇ ਤੋਂ ਖੁੰਝ ਕੇ ਚੌਥੇ ਸਥਾਨ ’ਤੇ ਰਹੀ। ਉਹ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਸਿਰਫ਼ 0.1 ਅੰਕ ਨਾਲ ਪੱਛੜ ਗਈ। ਕੁਆਲੀਫਾਈਂਗ ਵਿੱਚ ਅਪੂਰਵੀ ਨੇ 633 ਅਤੇ ਇਲਾਵੈਨਿਲ ਨੇ 632.7 ਅੰਕ ਨਾਲ ਚੋਟੀ ਦੇ ਦੋ ਸਥਾਨ ਨਾਲ ਕੁਆਲੀਫਾਈ ਕੀਤਾ।
ਅੰਜੁਮ ਮੌਦਗਿਲ 11ਵੇਂ ਸਥਾਨ ’ਤੇ ਰਹੀ। ਮਨੂ ਭਾਕਰ 289 ਅੰਕਾਂ ਨਾਲ 24ਵੇਂ, ਜਦਕਿ ਚਿੰਕੀ ਯਾਦਵ 276 ਨਾਲ 95ਵੇਂ ਸਥਾਨ ’ਤੇ ਰਹੀ। ਇਸ ਦਿਨ ਦੋ ਟੋਕੀਓ 2020 ਓਲੰਪਿਕ ਕੋਟਾ ਉਪਲਬਧ ਸਨ, ਜੋ ਰੋਮਾਨੀਆ ਦੀ ਲੌਰਾ ਜਾਰਜੈਟਾ ਕੋਮਾਨ ਅਤੇ ਹੰਗਰੀ ਦੀ ਇਸਟਰ ਮੇਸਜਾਰੋਸ ਦੇ ਨਾਂ ਰਹੇ, ਜਿਨ੍ਹਾਂ ਨੇ ਮਹਿਲਾ ਦਸ ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਪੰਜਵਾਂ ਅਤੇ ਛੇਵਾਂ ਸਥਾਨ ਹਾਸਲ ਕੀਤਾ।
ਭਾਰਤ ਕੋਲ ਪਹਿਲਾਂ ਪੰਜ ਕੋਟਾ ਸਥਾਨ ਹਨ। ਅਪੂਰਵੀ, ਅੰਜਮੁ, ਸੌਰਭ ਚੌਧਰੀ, ਅਭਿਸ਼ੇਕ ਵਰਮਾ ਅਤੇ ਦਿਵਿਆਂਸ਼ ਸਿੰਘ ਪੰਵਾਰ ਨੇ ਕੋਟੇ ਹਾਸਲ ਕੀਤੇ ਹਨ। ਸੋਮਵਾਰ ਨੂੰ ਤਿੰਨ ਫਾਈਨਲ ਹੋਣਗੇ, ਜਿਸ ਵਿੱਚ ਛੇ ਟੋਕੀਓ ਕੋਟੇ ਦਾਅ ’ਤੇ ਲੱਗੇ ਹੋਣਗੇ।