ਲੰਡਨ, 24 ਜੂਨ
ਹੈਰਿਸ ਸੋਹੇਲ ਦੀ ਤੂਫ਼ਾਨੀ ਨੀਮ ਸੈਂਕੜੇ ਵਾਲੀ ਪਾਰੀ ਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ਉੱਤੇ ਪਾਕਿਸਤਾਨ ਨੇ ਅੱਜ ਇਥੇ ਦੱਖਣੀ ਅਫ਼ਰੀਕਾ ਨੂੰ 49 ਦੌੜਾਂ ਦੀ ਸ਼ਿਕੱਸਤ ਦਿੰਦਿਆਂ ਵਿਸ਼ਵ ਕੱਪ ਦੇ ਸੈਮੀ ਫਾਈਨਲ ਗੇੜ ਵਿੱਚ ਪਹੁੰਚਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਬਰਕਰਾਰ ਰੱਖਿਆ ਹੈ। ਪਾਕਿਸਤਾਨ ਵੱਲੋਂ ਟਾਸ ਜਿੱਤ ਕੇ ਬਣਾਏ 308/7 ਦੇ ਸਕੋਰ ਦਾ ਪਿੱਛਾ ਕਰਦਿਆਂ ਦੱਖਣੀ ਅਫ਼ਰੀਕਾ ਦੀ ਟੀਮ ਨੌਂ ਵਿਕਟਾਂ ਦੇ ਨੁਕਸਾਨ ਨਾਲ 259 ਦੌੜਾਂ ਹੀ ਬਣਾ ਸਕੀ। ਇਹ ਦੱਖਣੀ ਅਫ਼ਰੀਕਾ ਦੀ ਪੰਜਵੀਂ ਹਾਰ ਹੈ ਤੇ ਸੱਤ ਮੈਚਾਂ ਵਿੱਚ ਤਿੰਨ ਅੰਕ ਹੋਣ ਕਰਕੇ ਟੀਮ ਸੈਮੀ ਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਈ ਹੈ। ਪਾਕਿਸਤਾਨ ਦੇ ਛੇ ਮੈਚਾਂ ਵਿੱਚ ਪੰਜ ਅੰਕ ਹਨ। ਦੱਖਣੀ ਅਫ਼ਰੀਕਾ ਲਈ ਫਾਫ਼ ਡੁਪਲੇਸਿਸ (79 ਗੇਂਦਾਂ ’ਤੇ 63 ਦੌੜਾਂ) ਨੇ ਹੀ ਕਰੀਜ਼ ’ਤੇ ਟਿਕਣ ਦਾ ਦਮ ਵਿਖਾਇਆ। ਕੁਇੰਟਨ ਡੀਕਾਕ(47), ਰੋਸੀ ਵੈਂਡਰ ਡੁਸੇਨ (36) ਤੇ ਡੇਵਿਡ ਮਿੱਲਰ (31) ਵੱਡੀਆਂ ਪਾਰੀਆਂ ਖੇਡਣ ਵਿੱਚ ਨਾਕਾਮ ਰਹੇ। ਪਾਕਿਸਤਾਨ ਲਈ ਲੈੱਗ ਸਪਿੰਨਰ ਸ਼ਾਦਾਬ ਖ਼ਾਨ ਤੇ ਵਹਾਬ ਰਿਆਜ਼ ਨੇ ਤਿੰਨ ਤਿੰਨ, ਮੁਹੰਮਦ ਆਮਿਰ ਨੇ ਦੋ ਅਤੇ ਸ਼ਾਹੀਨ ਅਫ਼ਰੀਦੀ ਨੇ ਇਕ ਵਿਕਟ ਲਿਆ।
ਇਸ ਤੋਂ ਪਹਿਲਾਂ ਹੈਰਿਸ ਸੋਹੇਲ ਦੀ ਤੂਫ਼ਾਨੀ ਪਾਰੀ ਤੇ ਬਾਬਰ ਆਜ਼ਮ ਦੇ ਨੀਮ ਸੈਂਕੜਿਆਂ ਦੀ ਬਦੌਲਤ ਪਾਕਿਸਤਾਨ ਨੇ ਦੱਖਣੀ ਅਫਰੀਕਾ ਖ਼ਿਲਾਫ਼ ਵਿਸ਼ਵ ਕੱਪ ਲੀਗ ਮੈਚ ਵਿੱਚ ਅੱਜ ਇੱਥੇ ਸੱਤ ਵਿਕਟਾਂ ’ਤੇ 308 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਸੋਹੇਲ ਨੇ ਟੀਮ ਵਿੱਚ ਥਾਂ ਮਿਲਣ ਮਗਰੋਂ ਮੌਕੇ ਦਾ ਫ਼ਾਇਦਾ ਉਠਾਉਂਦਿਆਂ 59 ਗੇਂਦਾਂ ’ਤੇ 89 ਦੌੜਾਂ ਬਣਾਈਆਂ, ਜਿਸ ਵਿੱਚ ਨੌਂ ਚੌਕੇ ਅਤੇ ਤਿੰਨ ਛੱਕੇ ਸ਼ਾਮਲ ਹਨ। ਬਾਬਰ (80 ਗੇਂਦਾਂ ’ਤੇ 69 ਦੌੜਾਂ) ਨੇ ਪਾਰੀ ਸੰਵਾਰੀ, ਜਦਕਿ ਫਖ਼ਰ ਜ਼ਮਾਨ (50 ਗੇਂਦਾਂ ਵਿੱਚ 44 ਦੌੜਾਂ) ਅਤੇ ਇਮਾਮ ਉਲ-ਹੱਕ (58 ਗੇਂਦਾਂ ਵਿੱਚ 44 ਦੌੜਾਂ) ਨੇ ਪਹਿਲੀ ਵਿਕਟ ਲਈ 81 ਦੌੜਾਂ ਜੋੜ ਕੇ ਪਾਕਿਸਤਾਨ ਨੂੰ ਠੋਸ ਸ਼ੁਰੂਆਤ ਦਿੱਤੀ।
ਸੋਹੇਲ ਨੇ ਬਾਬਰ ਨਾਲ ਚੌਥੀ ਵਿਕਟ ਲਈ 81 ਅਤੇ ਇਮਾਦ ਵਸੀਮ (23 ਦੌੜਾਂ) ਨਾਲ ਪੰਜਵੀਂ ਵਿਕਟ ਲਈ 71 ਦੌੜਾਂ ਦੀਆਂ ਦੋ ਭਾਈਵਾਲੀਆਂ ਕੀਤੀਆਂ। ਦੱਖਣੀ ਅਫਰੀਕਾ ਵੱਲੋਂ ਲੈੱਗ ਸਪਿੰਨਰ ਇਮਰਾਨ ਤਾਹਿਰ (41 ਦੌੜਾਂ ਦੇ ਕੇ ਦੋ) ਅਤੇ ਲੁੰਗੀ ਨਗਿੜੀ (64 ਦੌੜਾਂ ਦੇ ਕੇ ਤਿੰਨ) ਸਭ ਤੋਂ ਸਫਲ ਗੇਂਦਬਾਜ਼ ਰਹੇ। ਦੋਵਾਂ ਟੀਮਾਂ ਲਈ ਇਹ ਮੈਚ ਕਰੋ ਜਾਂ ਮਰੋ ਵਰਗਾ ਸੀ।
ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੰਗੀ ਸ਼ੁਰੂਆਤ ਕੀਤੀ। ਫ਼ਖ਼ਰ ਜ਼ਮਾਨ ਅਤੇ ਇਮਾਮ ਨੇ ਸ਼ੁਰੂ ਵਿੱਚ ਠਰ੍ਹਮੇ ਨਾਲ ਬੱਲੇਬਾਜ਼ੀ ਕੀਤੀ ਅਤੇ ਇਸ ਦੌਰਾਨ ਦੌੜਾਂ ਦੀ ਰਫ਼ਤਾਰ ਵੀ ਬਣਾਈ ਰੱਖੀ। ਜਦੋਂ ਇਹ ਦੋਵੇਂ ਦੱਖਣੀ ਅਫਰੀਕਾ ਲਈ ਪ੍ਰੇਸ਼ਾਨੀ ਦਾ ਸਬੱਬ ਬਣਨ ਲੱਗੇ ਤਾਂ ਤਾਹਿਰ ਨੇ ਉਸ ਨੂੰ ਵਾਪਸੀ ਦਿਵਾਈ। ਫਖ਼ਰ ਜ਼ਮਾਨ ਆਊਟ ਹੋਣ ਵਾਲਾ ਪਹਿਲਾ ਬੱਲੇਬਾਜ਼ ਸੀ। ਉਸ ਨੇ ਤਾਹਿਰ ਦੀ ਗੇਂਦ ’ਤੇ ਹਾਸ਼ਿਮ ਅਮਲਾ ਨੂੰ ਕੈਚ ਦੇਣ ਤੋਂ ਪਹਿਲਾਂ ਆਪਣੀ 50 ਗੇਂਦਾਂ ਦੀ ਪਾਰੀ ਵਿੱਚ ਛੇ ਚੌਕੇ ਅਤੇ ਇੱਕ ਛੱਕਾ ਮਾਰਿਆ। ਤਾਹਿਰ ਨੇ ਇਸ ਤੋਂ ਤੁਰੰਤ ਮਗਰੋਂ ਇਮਾਮ ਦਾ ਆਪਣੀ ਹੀ ਗੇਂਦ ’ਤੇ ਇੱਕ ਹੱਥ ਨਾਲ ਬਿਹਤਰੀਨ ਕੈਚ ਲੈ ਕੇ ਦੱਖਣੀ ਅਫਰੀਕਾ ਦੀ ਝੋਲੀ ਦੂਜੀ ਸਫਲਤਾ ਪਾਈ।
ਤਾਹਿਰ ਨੇ ਇਸ ਤੋਂ ਪਹਿਲਾਂ ਕ੍ਰਿਸ ਮੌਰਿਸ ਦੀ ਗੇਂਦ ’ਤੇ ਫਖ਼ਰ ਜ਼ਮਾਨ ਦਾ ਬਾਉਂਡਰੀ ’ਤੇ ਕੈਚ ਲੈਣ ਦਾ ਦਾਅਵਾ ਵੀ ਕੀਤਾ, ਪਰ ਰੀਪਲੇਅ ਤੋਂ ਸਾਫ਼ ਹੋ ਗਿਆ ਕਿ ਗੇਂਦ ਜ਼ਮੀਨ ’ਤੇ ਲੱਗੀ ਸੀ। ਇਸ ਮਗਰੋਂ ਦਰਸ਼ਕਾਂ ਨੇ ਪਾਕਿਸਤਾਨ ਵਿੱਚ ਪੈਦਾ ਹੋਏ ਤਾਹਿਰ ਦੀ ਹੂਟਿੰਗ ਵੀ ਕੀਤੀ। ਤਾਹਿਰ ਜਦੋਂ ਗੇਂਦਬਾਜ਼ੀ ਲਈ ਆਇਆ ਤਾਂ ਫਿਰ ਤੋਂ ਦਰਸ਼ਕਾਂ ਨੇ ਉਸ ਨੂੰ ਨਿਸ਼ਾਨਾ ਬਣਾਇਆ। ਫ਼ਖਰ ਨੇ ਤਾਹਿਰ ਦੀ ਗੇਂਦ ’ਤੇ ਸ਼ਾਟ ਖੇਡਣ ਦੇ ਯਤਨ ਵਿੱਚ ਸਲਿੱਪ ਵਿੱਚ ਕੈਚ ਦੇ ਦਿੱਤਾ। ਤਾਹਿਰ ਨੇ ਇਸ ਦਾ ਜ਼ਸਨ ਆਪਣੇ ਰਵਾਇਤੀ ਅੰਦਾਜ਼ ਵਿੱਚ ਮਨਾਇਆ।
ਇਸ ਲੈਗ ਸਪਿੰਨਰ ਨੂੰ ਨਵੇਂ ਬੱਲੇਬਾਜ਼ ਮੁਹੰਮਦ ਹਫ਼ੀਜ਼ (20 ਦੌੜਾਂ) ਦੀ ਵੀ ਵਿਕਟ ਮਿਲ ਜਾਂਦੀ, ਪਰ ਕਵਿੰਟਨ ਡੀਕਾਕ ਉਸ ਦਾ ਕੈਚ ਨਹੀਂ ਲੈ ਸਕਿਆ। ਕੰਮ ਚਲਾਊ ਸਪਿੰਨਰ ਐਡਨ ਮਾਰਕਰਮ ਨੇ ਹਾਲਾਂਕਿ ਹਫ਼ੀਜ਼ ਨੂੰ ਐਲਬੀਡਬਲਯੂ ਆਊਟ ਕਰਕੇ ਉਸ ਦੀ ਪਾਰੀ ਲੰਮੀ ਨਹੀਂ ਖਿੱਚਣ ਦਿੱਤੀ। ਸੋਹੇਲ ਨੇ ਆਉਂਦਿਆਂ ਹੀ ਹਮਲਾਵਰ ਰੁਖ਼ ਅਪਣਾਇਆ। ਕੈਗਿਸੋ ਰਬਾਡਾ ਦੀ ਗੇਂਦ ’ਤੇ ਉਸ ਦਾ ਛੱਕਾ ਸ਼ਾਨਦਾਰ ਸੀ। ਦੂਜੇ ਪਾਸੇ ਬਾਬਰ ਚੰਗੀ ਤਰ੍ਹਾਂ ਪਾਰੀ ਸੰਭਾਲ ਰਿਹਾ ਸੀ, ਪਰ ਐਂਡਿਲੇ ਫੈਲੁਕਵਾਓ ਦੀ ਗੇਂਦ ’ਤੇ ਉਸ ਦਾ ਸ਼ਾਟ ਲੁੰਗੀ ਨਗਿੜੀ ਨੇ ਲੈ ਲਿਆ। ਬਾਬਰ ਨੇ ਸੱਤ ਚੌਕੇ ਮਾਰੇ।