ਨਵੀਂ ਦਿੱਲੀ, 21 ਮਈ
ਵਿਸ਼ਵ ਕੱਪ ਲਈ ਭਾਰਤੀ ਇੱਕ ਰੋਜ਼ਾ ਕ੍ਰਿਕਟ ਟੀਮ ’ਚ ਨੰਬਰ ਚਾਰ ’ਤੇ ਬੱਲੇਬਾਜ਼ੀ ਕਰਨ ਸਬੰਧੀ ਚੱਲ ਰਹੀ ਬਹਿਸ ਵਿੱਚ ਦੱਖਣੀ ਅਫਰੀਕਾ ਦਾ ਸਾਬਕਾ ਕਪਤਾਨ ਕੈਪਲਰ ਵੈਸਲਜ਼ ਵੀ ਸ਼ਾਮਲ ਹੋ ਗਿਆ ਹੈ। ਉਸ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਨੂੰ ਇਸ ਮਹੱਤਵਪੂਰਨ ਸਥਾਨ ’ਤੇ ਬੱਲੇਬਾਜ਼ੀ ਲਈ ਉਤਰਨਾ ਚਾਹੀਦਾ ਹੈ। ਉਸ ਨੇ ਭਾਰਤ ਨੂੰ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਦੱਸਿਆ। ਵੈਸਲਜ਼ ਨੇ ਇਸ ਦੇ ਨਾਲ ਹੀ ਮੰਨਿਆ ਕਿ ਦੱਖਣੀ ਅਫਰੀਕਾ ‘ਚੌਕਰਜ਼’ ਦੇ ਤਗ਼ਮੇ ਦਾ ਹੱਕਦਾਰ ਹੈ ਅਤੇ ਜਦੋਂ ਤਕ ਉਹ ਵਿਸ਼ਵ ਕੱਪ ਨਹੀਂ ਜਿੱਤ ਜਾਂਦਾ, ਇਹ ਠੱਪਾ ਲੱਗਿਆ ਰਹੇਗਾ।
ਉਸ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਵਿਰਾਟ ਕੋਹਲੀ ਨੰਬਰ ਚਾਰ ਲਈ ਸਭ ਤੋਂ ਸਹੀ ਬੱਲੇਬਾਜ਼ ਰਹੇਗਾ। ਉਹ ਇਸ ਸਥਾਨ ’ਤੇ ਉਤਰ ਕੇ ਪਾਰੀ ਨੂੰ ਨਿਖਾਰ ਸਕਦਾ ਹੈ ਅਤੇ ਲੋੜ ਪੈਣ ’ਤੇ ਤੇਜ਼ੀ ਨਾਲ ਦੌੜਾਂ ਵੀ ਬਣਾ ਸਕਦਾ ਹੈ।’’ ਕੋਹਲੀ ਹਾਲਾਂਕਿ ਨੰਬਰ ਚਾਰ ’ਤੇ ਖ਼ਾਸ ਸਫਲ ਨਹੀਂ ਰਿਹਾ। ਆਪਣੇ ਕਰੀਅਰ ਵਿੱਚ ਉਹ ਹੁਣ ਤੱਕ ਸਿਰਫ਼ 38 ਮੈਚਾਂ ਵਿੱਚ ਹੀ ਇਸ ਸਥਾਨ ’ਤੇ ਉਤਰਿਆ ਹੈ। ਇਸ ਤੋਂ ਉਲਟ ਨੰਬਰ ਤਿੰਨ ਉਸ ਦਾ ਪਸੰਦੀਦਾ ਸਥਾਨ ਹੈ, ਜਿਸ ’ਤੇ ਉਹ 166 ਮੈਚਾਂ ਵਿੱਚ ਬੱਲੇਬਾਜ਼ੀ ਲਈ ਉਤਰਿਆ ਹੈ। ਵੈਸਲਜ਼ ਵੈੱਬ ਟੀਵੀ ਚੈਨਲ ‘ਪਾਵਰ ਸਪੋਰਟਸ’ ਦੇ ਵਿਸ਼ਵ ਕੱਪ ਨਾਲ ਜੁੜੇ ਪ੍ਰੋਗਰਾਮਾਂ ਦੇ ਐਲਾਨ ਮੌਕੇ ਆਸਟਰੇਲੀਆ ਤੋਂ ਵੀਡੀਓ ਕਾਨਫਰੰਸ ਰਾਹੀਂ ਪੱਤਰਕਾਰਾਂ ਨਾਲ ਗੱਲ ਕਰ ਰਿਹਾ ਸੀ। ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਐਂਡੀ ਬਿਕੇਲ ਦਾ ਵੀ ਮੰਨਣਾ ਹੈ ਕਿ ਭਾਰਤ ਕੋਲ ਨੰਬਰ ਚਾਰ ਲਈ ਕਈ ਬਦਲ ਮੌਜੂਦ ਹਨ, ਪਰ ਉਸ ਨੂੰ ਲਗਦਾ ਹੈ ਕਿ ਕੇਐਲ ਰਾਹੁਲ ਇਸ ਸਥਾਨ ਲਈ ਸਭ ਤੋਂ ਸਹੀ ਖਿਡਾਰੀ ਹੋ ਸਕਦਾ ਹੈ। ਬਿਕੇਲ ਨੇ ਕਿਹਾ, ‘‘ਰਾਹੁਲ ਅਜੇ ਚੰਗੀ ਲੈਅ ਵਿੱਚ ਹੈ ਅਤੇ ਨੰਬਰ ਚਾਰ ਦੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਅ ਸਕਦਾ ਹੈ। ਟੀਮ ਵਿੱਚ ਮਹਿੰਦਰ ਸਿੰਘ ਧੋਨੀ ਹੈ, ਜੋ ਇੱਕ ਤੋਂ ਛੇ ਨੰਬਰ ਤੱਕ ਕਿਸੇ ਵੀ ਸਥਾਨ ’ਤੇ ਬੱਲੇਬਾਜ਼ੀ ਕਰ ਸਕਦਾ ਹੈ। ਵਿਜੈ ਸ਼ੰਕਰ ਪ੍ਰਤਿਭਾਸ਼ਾਲੀ ਬੱਲੇਬਾਜ਼ ਹੈ। ਕੁਲ ਮਿਲਾ ਕੇ ਭਾਰਤ ਕੋਲ ਨੰਬਰ ਚਾਰ ਲਈ ਕਈ ਬਦਲ ਹਨ। ਇਹ ਟੀਮ ਪ੍ਰਬੰਧਨ ਲਈ ਚੰਗੀ ਸਿਰਦਰਦੀ ਹੈ।’’ ਵੈਸਲਜ਼ ਨੇ ਭਾਰਤ ਨੂੰ ਖ਼ਿਤਾਬ ਦਾ ਮਜ਼ਬੂਤ ਦਾਅਵੇਦਾਰ ਕਰਾਰ ਦਿੱਤਾ। ਉਸ ਨੇ ਇੰਗਲੈਂਡ ਅਤੇ ਆਸਟਰੇਲੀਆ ਨੂੰ ਵੀ ਸੈਮੀ-ਫਾਈਨਲ ਵਿੱਚ ਪਹੁੰਚਣ ਦਾ ਹੱਕਦਾਰ ਦੱਸਿਆ।
ਉਸ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਤੋਂ ਇਲਾਵਾ ਸੈਮੀ-ਫਾਈਨਲ ਦੀ ਚੌਥੀ ਟੀਮ ਦੱਖਣੀ ਅਫਰੀਕਾ, ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿੱਚੋਂ ਕੋਈ ਇੱਕ ਹੋ ਸਕਦੀ ਹੈ। ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੋਵਾਂ ਵੱਲੋਂ ਖੇਡਣ ਵਾਲੇ ਵੈਸਲਜ਼ ਨੇ ਕਿਹਾ ਕਿ ਦੱਖਣੀ ਅਫਰੀਕੀ ਟੀਮ ਜਦੋਂ ਤੱਕ ਵੱਡਾ ਟੂਰਨਾਮੈਂਟ ਨਹੀਂ ਜਿੱਤ ਜਾਂਦੀ ਉਦੋਂ ਤੱਕ ਚੌਕਰਜ਼ ਦਾ ਤਗ਼ਮਾ ਉਸ ਦਾ ਪਿੱਛਾ ਨਹੀਂ ਛੱਡੇਗਾ।