ਲੰਡਨ, 15 ਜੁਲਾਈ
ਇੰਗਲੈਂਡ ਨੇ ਅੱਜ ਇੱਥੇ ਸੁਪਰ ਓਵਰ ਤੱਕ ਖਿੱਚੇ ਗਏ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਖ਼ਿਤਾਬ ਜਿੱਤ ਲਿਆ। ਮੈਚ ਪਹਿਲਾਂ 241 ਦੌੜਾਂ ਦੇ ਟੀਚੇ ’ਤੇ ਟਾਈ ਰਿਹਾ, ਫਿਰ ਸੁਪਰ ਓਵਰ ਦਾ ਸਹਾਰਾ ਲਿਆ ਗਿਆ। ਸੁਪਰ ਓਵਰ ਵਿੱਚ ਵੀ ਦੋਵੇਂ ਟੀਮਾਂ ਬਰਾਬਰ ਰਹੀਆਂ। ਇਸ ਮਗਰੋਂ ‘ਬਾਊਂਡਰੀ’ ਨਾਲ ਫ਼ੈਸਲਾ ਕੀਤਾ ਗਿਆ। ਮੇਜ਼ਬਾਨ ਇੰਗਲੈਂਡ ਨੇ ਵੱਧ ‘ਬਾਊਂਡਰੀਜ਼’ ਲਗਾਈਆਂ ਸਨ ਅਤੇ ਅਖ਼ੀਰ ਵਿੱਚ 1975 ਤੋਂ ਚੱਲੀ ਆ ਰਹੀ ਉਸ ਦੇ ਖ਼ਿਤਾਬ ਦੀ ਉਡੀਕ ਖ਼ਤਮ ਹੋ ਗਈ।
ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਮਅਸਨ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਉਸ ਨੇ ਟੂਰਨਾਮੈਂਟ ਵਿੱਚ 578 ਦੌੜਾਂ ਬਣਾਈਆਂ ਸਨ। ਜਦੋਂਕਿ ਇੰਗਲੈਂਡ ਦੇ ਬੈੱਨ ਸਟੌਕਸ ਨੂੰ ਉਸ ਦੀ ਨਾਬਾਦ 84 ਦੌੜਾਂ ਦੀ ਪਾਰੀ ਲਈ ਫਾਈਨਲ ਦਾ ‘ਮੈਨ ਆਫ ਦਿ ਮੈਚ’ ਚੁਣਿਆ ਗਿਆ।
ਇੰਗਲੈਂਡ ਸਾਹਮਣੇ 242 ਦੌੜਾਂ ਦਾ ਟੀਚਾ ਸੀ, ਪਰ ਉਸ ਦੇ ਚੋਟੀ ਦੀਆਂ ਚਾਰ ਵਿਕਟਾਂ 86 ਦੌੜਾਂ ’ਤੇ ਗੁਆ ਲਈਆਂ ਸਨ, ਬੈੱਨ ਸਟੌਕਸ (98 ਗੇਂਦਾਂ ’ਤੇ ਨਾਬਾਦ 84 ਦੌੜਾਂ) ਅਤੇ ਜੋਸ ਬਟਲਰ (60 ਗੇਂਦਾਂ ’ਤੇ 59 ਦੌੜਾਂ) ਨੇ ਪੰਜਵੀਂ ਵਿਕਟ ਲਈ 110 ਦੌੜਾਂ ਦੀ ਭਾਈਵਾਲੀ ਕਰਕੇ ਸਥਿਤੀ ਸੰਭਾਲੀ, ਪਰ ਇੰਗਲੈਂਡ ਦੀ ਟੀਮ 241 ਦੌੜਾਂ ’ਤੇ ਆਊਟ ਹੋ ਗਈ। ਨਿਊਜ਼ੀਲੈਂਡ ਨੇ ਅੱਠ ਵਿਕਟਾਂ ’ਤੇ 241 ਦੌੜਾਂ ਬਣਾਈਆਂ ਸਨ।

ਨਿਊਜ਼ੀਲੈਂਡ ਵੱਲੋਂ ਹੈਨਰੀ ਨਿਕੋਲਸ (77 ਗੇਂਦਾਂ ’ਤੇ 55 ਦੌੜਾਂ) ਅਤੇ ਕਪਤਾਨ ਕੇਨ ਵਿਲੀਅਮਸਨ (53 ਗੇਂਦਾਂ ’ਤੇ 30 ਦੌੜਾਂ) ਨੇ ਦੂਜੀ ਵਿਕਟ ਲਈ 74 ਦੌੜਾਂ ਜੋੜੀਆਂ। ਕਪਤਾਨ ਦੇ ਆਊਟ ਹੁੰਦਿਆਂ ਹੀ ਟੀਮ ਸੰਭਲ ਨਹੀਂ ਪਾਈ। ਉਸ ਦੇ ਬਾਕੀ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਕੀਤੀ, ਪਰ ਸਿਰਫ਼ ਟੌਮ ਲੈਥਮ (56 ਗੇਂਦਾਂ ’ਤੇ 47 ਦੌੜਾਂ) ਹੀ 20 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕਿਆ।
ਇਸ ਤੋਂ ਪਹਿਲਾਂ ਬੱਦਲਬਾਈ ਦੌਰਾਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਨਿਊਜ਼ੀਲੈਂਡ ਨੇ ਗੁਪਟਿਲ ਦੇ ਆਊਟ ਹੋਣ ਮਗਰੋਂ ਸਮਝਦਾਰੀ ਨਾਲ ਬੱਲੇਬਾਜ਼ੀ ਕੀਤੀ। ਕਿਵੀ ਟੀਮ ਦੀ ਰਣਨੀਤੀ ਭਾਰਤ ਖ਼ਿਲਾਫ਼ ਸੈਮੀ-ਫਾਈਨਲ ਦੀ ਤਰ੍ਹਾਂ ਸ਼ੁਰੂਆਤੀ ਓਵਰਾਂ ਵਿੱਚ ਵਿਕਟਾਂ ਬਚਾ ਕੇ ਮਗਰੋਂ ਦੌੜਾਂ ਬਣਾਉਣ ਦੀ ਸੀ। ਨਿਕੋਲਸ ਨੇ ਉਦੋਂ ਖਾਤਾ ਖੋਲ੍ਹਿਆ, ਜਦੋਂ ਉਸ ਨੂੰ ਕੁਮਾਰ ਧਰਮਸੈਨਾ ਨੇ ਐਲਬੀਡਬਲਯੂ ਆਊਟ ਦਿੱਤਾ, ਪਰ ਰੀਪਲੇਅ ਵਿੱਚ ਪਤਾ ਚੱਲਿਆ ਕਿ ਗੇਂਦ ਵਿਕਟਾਂ ਦੇ ਉਪਰੋਂ ਦੀ ਜਾ ਰਹੀ ਸੀ। ਇਸ ਮਗਰੋਂ ਜਦੋਂ ਉਸ ਨੇ 19 ਦੌੜਾਂ ਬਣਾਈਆਂ ਤਾਂ ਵੋਕਸ ਨੇ ਉਸ ਨੂੰ ਐਲਬੀਡਬਲਯੂ ਆਊਟ ਕੀਤਾ। ਗੁਪਟਿਲ ਨੇ ਡੀਆਰਐਸ ਲੈ ਕੇ ਨਿਊਜ਼ੀਲੈਂਡ ਦਾ ‘ਰੀਵਿਊ’ ਵੀ ਗੁਆ ਲਿਆ। ਵਿਲੀਅਮਸਨ ਬਹੁਤ ਚੌਕਸੀ ਨਾਲ ਖੇਡਿਆ ਅਤੇ 12ਵੀਂ ਗੇਂਦ ’ਤੇ ਆਪਣਾ ਖਾਤਾ ਖੋਲ੍ਹਿਆ। ਇਸ ਨਾਲ ਉਹ ਕਿਸੇ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ (578 ਦੌੜਾਂ) ਬਣਾਉਣ ਵਾਲਾ ਕਪਤਾਨ ਵੀ ਬਣਿਆ। ਅਹਿਮ ਮੋੜ ’ਤੇ ਆ ਕੇ ਉਹ ਆਊਟ ਹੋ ਗਿਆ, ਜਿਸ ਮਗਰੋਂ ਟੀਮ ਸੰਭਲ ਨਹੀਂ ਸਕੀ ਅਤੇ ਉਸ ਦੀ ਰਣਨੀਤੀ ਧਰੀ-ਧਰਾਈ ਰਹਿ ਗਈ। ਪਲੰਕਟ ਦੇ ਬਿਹਤਰੀਨ ਸਪੈਲ ਨਾਲ ਇੰਗਲੈਂਡ ਨੇ ਵਾਪਸੀ ਕੀਤੀ।

ਉਸ ਦੀ ਗੇਂਦ ਵਿਲੀਅਮਸਨ ਦੇ ਬੱਲੇ ਨਾਲ ਹਲਕਾ ਜਿਹਾ ਲੱਗ ਕੇ ਵਿਕਟਕੀਪਰ ਜੋਸ ਬਟਲਰ ਦੇ ਹੱਥਾਂ ’ਚ ਚਲੀ ਗਈ। ਧਰਮਸੈਨਾ ਨੇ ਅਪੀਲ ਠੁਕਰਾ ਦਿੱਤੀ, ਪਰ ਡੀਆਰਐਸ ਨੇ ਫ਼ੈਸਲਾ ਬਦਲ ਦਿੱਤਾ ਅਤੇ ਵਿਲੀਅਮਸਨ ਨੂੰ ਪੈਵਿਲੀਅਨ ਪਰਤਣਾ ਪਿਆ। ਨਿਕੋਲਸ ਨੇ ਇਸ ਮਗਰੋਂ 71 ਗੇਂਦਾਂ ’ਤੇ ਆਪਣਾ ਨੀਮ ਸੈਂਕੜਾ ਪੂਰਾ ਕੀਤਾ, ਪਰ ਇਸ ਦੇ ਤੁਰੰਤ ਮਗਰੋਂ ਪਲੰਕਟ ਦੀ ਗੇਂਦ ਨੂੰ ਵਿਕਟਾਂ ’ਤੇ ਖੇਡ ਗਿਆ। ਲਗਾਤਾਰ ਵਿਕਟਾਂ ਡਿੱਗਣ ਕਾਰਨ ਦੌੜਾਂ ਦੀ ਰਫ਼ਤਾਰ ਹੌਲੀ ਹੋ ਗਈ। ਰੌਸ ਟੇਲਰ (31 ਗੇਂਦਾਂ ’ਤੇ 15 ਦੌੜਾਂ) ਕ੍ਰੀਜ਼ ’ਤੇ ਜੰਮ ਚੁੱਕਿਆ ਸੀ, ਪਰ ਮਾਰਕ ਵੁੱਡ ਨੇ ਉਸ ਨੂੰ ਐਲਬੀਡਬਲਯੂ ਆਊਟ ਕਰ ਦਿੱਤਾ।