ਦੋਹਾ, 7 ਅਕਤੂਬਰ
ਏਸ਼ਿਆਈ ਚੈਂਪੀਅਨ ਗੋਪੀ ਥੋਨਾਕਲ ਅੱਜ ਇੱਥੇ ਪੁਰਸ਼ ਮੈਰਾਥਨ ਵਿੱਚ 21ਵੇਂ ਸਥਾਨ ’ਤੇ ਰਿਹਾ, ਜਦਕਿ ਭਾਰਤ ਨੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਆਪਣੀ ਮੁਹਿੰਮ ਰਲਵੀਂ-ਮਿਲਵੀਂ ਸਫਲਤਾ ਨਾਲ ਖ਼ਤਮ ਕੀਤੀ। ਭਾਰਤ ਦੀ 27 ਮੈਂਬਰੀ ਟੀਮ ’ਚੋਂ ਕਿਸੇ ਨੂੰ ਤਗ਼ਮੇ ਦੀ ਉਮੀਦ ਨਹੀਂ ਸੀ, ਪਰ ਇਸ ਵਿਸ਼ਵ ਚੈਂਪੀਅਨਸ਼ਿਪ ਵਿੱਚ ਟੀਮ ਨੇ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਮਿਕਸਡ 4×400 ਮੀਟਰ ਰਿਲੇਅ, ਪੁਰਸ਼ 3000 ਮੀਟਰ ਸਟਿਪਲਚੇਜ਼ ਅਤੇ ਮਹਿਲਾ ਜੈਵਲਿਨ ਥਰੋਅ ਦੇ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਸਫਲ ਰਹੀ।
ਲੰਮੀ ਛਾਲ ਵਿੱਚ (2003 ਵਿੱਚ) ਅੰਜੂ ਬੌਬੀ ਜਾਰਜ ਦਾ ਕਾਂਸੀ ਦਾ ਤਗ਼ਮਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਹੁਣ ਤੱਕ ਭਾਰਤ ਦਾ ਇਕਲੌਤਾ ਤਗ਼ਮਾ ਹੈ। ਫਾਈਨਲ ਵਿੱਚ ਥਾਂ ਬਣਾਉਣ ਵਾਲੇ ਸਟਿਪਲਚੇਜ਼ ਦੌੜਾਕ ਅਵਿਨਾਸ਼ ਸਾਬਲੇ ਅਤੇ ਮਿਕਸਡ 4×400 ਮੀਟਰ ਟੀਮ ਨੇ ਟੋਕੀਓ ਓਲੰਪਿਕ 2020 ਲਈ ਵੀ ਕੁਆਲੀਫਾਈ ਕੀਤਾ, ਜਦਕਿ ਜੈਵਲਿਨ ਥਰੋਅ ਵਿੱਚ ਅਨੂ ਰਾਣੀ ਅੱਠਵੇਂ ਸਥਾਨ ’ਤੇ ਰਹੀ।
ਅਨੂ ਜੈਵਲਿਨ ਥਰੋਅ ਦੇ ਫਾਈਨਲ ਵਿੱਚ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ
ਮਹਿਲਾ ਬਣੀ, ਜਦਕਿ ਅਵਿਨਾਸ਼ ਨੇ ਤਿੰਨ ਦਿਨ ਵਿੱਚ ਦੋ ਵਾਰ ਆਪਣਾ ਕੌਮੀ ਰਿਕਾਰਡ ਤੋੜਿਆ। ਪੇਈਚਿੰਗ ਵਿੱਚ ਵਿਸ਼ਵ ਚੈਂਪੀਅਨਸ਼ਿਪ-2015 ਦੇ ਫਾਈਨਲ ਵਿੱਚ ਤਿੰਨ ਭਾਰਤੀਆਂ ਨੇ ਥਾਂ ਬਣਾਈ ਸੀ, ਜਦਕਿ ਸਾਲ 2017 ਵਿੱਚ ਲੰਡਨ ’ਚ ਹੋਈ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਸਿਰਫ਼ ਇੱਕ ਭਾਰਤੀ ਪਹੁੰਚਿਆ ਸੀ। ਗੋਪੀ ਨੇ ਦੋ ਘੰਟੇ 15 ਮਿੰਟ ਅਤੇ 57 ਸੈਕਿੰਡ ਦਾ ਸਮਾਂ ਕੱਢਿਆ ਅਤੇ ਮੁਕਾਬਲੇ ਨੂੰ ਪੂਰਾ ਕਰਨ ਵਾਲੇ 55 ਦੌੜਾਕਾਂ ਵਿੱਚ 21ਵੇਂ ਸਥਾਨ ’ਤੇ ਰਿਹਾ। ਇਹ ਮੁਕਾਬਲਾ ਲਗਪਗ 29 ਡਿਗਰੀ ਸੈਲਸੀਅਸ ਵਾਲੇ ਤਾਪਮਾਨ ਅਤੇ ਕਰੀਬ 50 ਫ਼ੀਸਦੀ ਨਮੀ ਵਾਲੇ ਮੌਸਮ ਵਿੱਚ ਕਰਵਾਇਆ ਗਿਆ। ਅੱਧੀ ਰਾਤ ਤੋਂ ਪਹਿਲਾਂ ਸ਼ੁਰੂ ਹੋਈ ਮੈਰਾਥਨ ਦੀ ਸ਼ੁਰੂਆਤ 73 ਦੌੜਾਕਾਂ ਨੇ ਕੀਤੀ ਸੀ, ਪਰ 18 ਅਥਲੀਟ ਇਸ ਨੂੰ ਪੂਰਾ ਨਹੀਂ ਕਰ ਸਕੇ। ਚੀਨ ਵਿੱਚ 2017 ਵਿੱਚ ਦੋ ਘੰਟੇ 15 ਮਿੰਟ ਅਤੇ 48 ਸੈਕਿੰਡ ਦੇ ਸਮੇਂ ਨਾਲ ਏਸ਼ਿਆਈ ਮੈਰਾਥਨ ਜਿੱਤਣ ਵਾਲੇ ਗੋਪੀ ਨੇ ਮਾਰਚ ਵਿੱਚ ਸਿਉਲ ਵਿੱਚ ਦੋ ਘੰਟੇ 13 ਮਿੰਟ ਅਤੇ 39 ਸੈਕਿੰਡ ਦਾ ਆਪਣੇ ਸੈਸ਼ਨ ਦਾ ਅਤੇ ਨਿੱਜੀ ਸਰਵੋਤਮ ਪ੍ਰਰਦਸ਼ਨ ਕੀਤਾ ਸੀ।
ਗੋਪੀ ਓਲੰਪਿਕ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਿਹਾ, ਜਿਸ ਦਾ ਕੁਆਲੀਫਾਈਂਗ ਪੱਧਰ ਦੋ ਘੰਟੇ 11 ਮਿੰਟ ਅਤੇ 30 ਸੈਕਿੰਡ ਸੀ। ਇਥੋਪੀਆ ਦੇ ਲੈਲਿਸਾ ਡੈਸਿਸਾ (ਦੋ ਘੰਟੇ ਦਸ ਮਿੰਟ ਅਤੇ 40 ਸੈਕਿੰਡ) ਮੋਸਿਨੈੱਟ ਜੈਰੇਮਿਊ (ਦੋ ਘੰਟੇ ਦਸ ਮਿੰਟ ਅਤੇ 44 ਸੈਕਿੰਡ) ਨੇ ਪਹਿਲੇ ਦੋ ਸਥਾਨਾਂ ’ਤੇ ਕਬਜ਼ਾ ਕੀਤਾ, ਜਦਕਿ ਕੀਨੀਆ ਦਾ ਅਮੋਜ਼ ਕਿਪਰੂਤੋ ਨੇ ਦੋ ਘੰਟੇ ਦਸ ਮਿੰਟ ਅਤੇ 51 ਸੈਕਿੰਡ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ।
ਭਾਰਤ ਦੀ ਪੁਰਸ਼ ਅਤੇ ਮਹਿਲਾ 4×400 ਮੀਟਰ ਰਿਲੇਅ ਟੀਮਾਂ ਨੇ ਸ਼ਨਿੱਚਰਵਾਰ ਨੂੰ ਨਿਰਾਸ਼ ਕੀਤਾ, ਜਦਕਿ ਜੈਵਲਿਨ ਵਿੱਚ ਸ਼ਿਵਪਾਲ ਸਿੰਘ ਵੀ ਵਿਸ਼ਵ ਚੈਂਪੀਅਨਸ਼ਿਪ ’ਚੋਂ ਬਾਹਰ ਹੋ ਗਿਆ। ਜਿਸਨਾ ਮੈਥਿਊ, ਐਮਆਰ ਪੁਵੰਮਾ, ਵੀਕੇ ਵਿਸਮਯਾ ਅਤੇ ਵੈਂਕਟੇਸ਼ਨ ਸੁਭਾ ਦੀ ਭਾਰਤੀ ਮਹਿਲਾ ਟੀਮ ਤਿੰਨ 29.42 ਸੈਕਿੰਡ ਦੇ ਸਮੇਂ ਨਾਲ ਹੀਟ ਇੱਕ ਵਿੱਚ ਛੇਵੇਂ ਅਤੇ ਪਹਿਲੇ ਗੇੜ ਦੀ ਹੀਟ ਵਿੱਚ ਕੁੱਲ 11ਵੇਂ ਸਥਾਨ ’ਤੇ ਰਹਿੰਦਿਆਂ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਹੀ।
ਟੀਮ ਨੇ ਇਸ ਤੋਂ ਪਹਿਲਾਂ ਮਈ ਵਿੱਚ ਜਾਪਾਨ ਦੇ ਯੋਕੋਹਾਮਾ ਵਿੱਚ ਆਈਏਏਐੱਫ ਵਿਸ਼ਵ ਰਿਲੇਅ ਦੌਰਾਨ ਤਿੰਨ ਮਿੰਟ 31.93 ਸੈਕਿੰਡ ਦੇ ਆਪਣੇ ਸੈਸ਼ਨ ਦੇ ਸਰਵੋਤਮ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ। ਬਾਅਦ ਵਿੱਚ ਅਮੋਜ਼ ਜੈਕਬ, ਮੁਹੰਮਦ ਅਨਸ, ਕੇ ਸੁਰੇਸ਼ ਜੀਵਨ ਅਤੇ ਨੋਹ ਨਿਰਮਲ ਟੌਮ ਦੀ ਪੁਰਸ਼ ਟੀਮ ਵੀ ਤਿੰਨ ਮਿੰਟ 3.09 ਸੈਕਿੰਡ ਦੇ ਸਮੇਂ ਨਾਲ ਦੂਜੀ ਹੀਟ ਵਿੱਚ ਸੱਤਵੇਂ ਅਤੇ 16 ਟੀਮਾਂ ਵਿੱਚ ਕੁੱਲ 13ਵੇਂ ਸਥਾਨ ’ਤੇ ਰਹਿੰਦਿਆਂ ਟੂਰਨਾਮੈਂਟ ’ਚੋਂ ਬਾਹਰ ਹੋ ਗਈ।