ਕੈਨੇਡਾ —ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮੌਰਨਿਊ ਨੂੰ ਸੁੱਖ ਦਾ ਸਾਹ ਮਿਲਿਆ ਹੈ ਕਿਉਂਕਿ 2015 ਵਿੱਚ ਮੌਰਨਿਊ ਸ਼ੇਪੈਲ ਦੇ ਸ਼ੇਅਰਜ਼ ਵੇਚਣ ਦੇ ਮਾਮਲੇ ਵਿੱਚ ਐਥਿਕਸ ਕਮਿਸ਼ਨਰ ਮੈਰੀ ਡਾਅਸਨ ਵੱਲੋਂ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਉਹ ਲੰਬੇ ਸਮੇਂ ਤੋਂ ਵਿਵਾਦਾਂ ‘ਚ ਘਿਰੇ ਹੋਏ ਸਨ। ਡਾਅਸਨ ਉੱਤੇ ਵਿਰੋਧੀ ਧਿਰ ਵੱਲੋਂ ਇਹ ਦਬਾਅ ਪਾਇਆ ਗਿਆ ਸੀ ਕਿ ਉਹ ਮੌਰਨਿਊ ਅਤੇ ਉਸ ਦੇ ਪਿਤਾ ਵੱਲੋਂ 2015 ਦੇ ਅੰਤ ਵਿੱਚ ਮੌਰਨਿਊ ਸ਼ੇਪੈਲ ਦੇ ਸ਼ੇਅਰ ਵੇਚਣ ਦੇ ਮਾਮਲੇ ਦੀ ਜਾਂਚ ਕਰਨ। ਵਿਰੋਧੀ ਧਿਰ ਦਾ ਦੋਸ਼ ਸੀ ਕਿ ਮੌਰਨਿਊ ਨੇ ਖੁਦ ਅਤੇ ਆਪਣੇ ਪਿਤਾ ਰਾਹੀਂ ਕਈ ਮਿਲੀਅਨ ਡਾਲਰ ਦੇ ਸ਼ੇਅਰ ਵੇਚ ਕੇ ਖੁਦ ਨੂੰ ਵਿਅਕਤੀਗਤ ਫਾਇਦਾ ਪਹੁੰਚਾਇਆ। ਇਸ ਤੋਂ ਬਾਅਦ ਮੌਰਨਿਊ ਨੇ ਅਮੀਰਾਂ ਤੋਂ ਵੱਧ ਟੈਕਸ ਵਸੂਲਣ ਅਤੇ ਮੱਧ ਵਰਗ ਲਈ ਟੈਕਸਾਂ ਵਿੱਚ ਕਟੌਤੀ ਵਾਲੀ ਨੀਤੀ ਲਿਆਂਦੀ ਸੀ। ਵਿਰੋਧੀ ਧਿਰ ਨੇ ਮੌਰਨਿਊ ਸ਼ੇਪੈਲ ਨਾਲ ‘ਬੈਂਕ ਆਫ ਕੈਨੇਡਾ’ ਵੱਲੋਂ ਆਪਣਾ ਕਾਂਟਰੈਕਟ ਮੁੜ ਲਿਆਉਣ ਦੇ ਮਾਮਲੇ ਵਿੱਚ ਮੌਰਨਿਊ ਦੀ ਸ਼ਮੂਲੀਅਤ ਬਾਰੇ ਪਤਾ ਲਾਉਣ ਲਈ ਵੀ ਕਿਹਾ ਸੀ ਪਰ ਕਮਿਸ਼ਨਰ ਨੇ ਕਿਹਾ ਕਿ ਬੈਂਕ ਦੇ ਫੈਸਲੇ ਵਿੱਚ ਵੀ ਮੌਰਨਿਊ ਦੀ ਕੋਈ ਸ਼ਮੂਲੀਅਤ ਨਹੀਂ ਸੀ। ਡਾਅਸਨ ਨੇ ਆਖਿਆ ਕਿ ਉਨ੍ਹਾਂ ਦੀ ਨਜ਼ਰ ਵਿੱਚ ਇਹ ਦੋਵੇਂ ਮਾਮਲੇ ਬੰਦ ਹੋ ਚੁੱਕੇ ਹਨ।
ਡਾਅਸਨ ਨੇ ਮੌਰਨਿਊ ਨੂੰ ਪੱਤਰ ਲਿਖਿਆ ਜਿਸ ‘ਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਤੇ ਵੀ ਨਹੀਂ ਲੱਗਿਆ ਕਿ ਵਿੱਤ ਮੰਤਰੀ ਨੇ ਅੰਦਰੂਨੀ ਜਾਣਕਾਰੀ ਤੋਂ ਕੋਈ ਫਾਇਦਾ ਉਠਾਇਆ। ਉਨ੍ਹਾਂ ਕਿਹਾ ਕਿ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਟੈਕਸ ਵਿੱਚ ਤਬਦੀਲੀ ਕਰਨਾ 2015 ਵਿੱਚ ਲਿਬਰਲਾਂ ਦਾ ‘ਫੈਡਰਲ ਇਲੈਕਸ਼ਨ’ ਵਾਅਦਾ ਸੀ। ਇਸ ਲਈ ਡਾਅਸਨ ਨੇ ਇਸ ਨੂੰ ਫਜ਼ੂਲ ਮੰਨਿਆ ਕਿਉਂਕਿ ਚੋਣ ਵਾਅਦੇ ਸਰਕਾਰੀ ਮੁੱਦਿਆਂ ਤੋਂ ਵੱਖ ਹੁੰਦੇ ਹਨ।
ਜਿਸ ਸਮੇਂ ਵਿਰੋਧੀ ਧਿਰ ਨੇ ਇਲਜ਼ਾਮ ਲਗਾਏ ਤਾਂ ਮੌਰਨਿਊ ਨੇ ਆਪਣੇ ਪਿਤਾ ਨਾਲ ਟੈਕਸ ਨੀਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਸਬੰਧੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਨਿਰਅਧਾਰ ਦੱਸਿਆ ਤੇ ਹਾਊਸ ਆਫ ਕਾਮਨਜ਼ ਦੇ ਬਾਹਰ ਅਜਿਹੇ ਇਲਜ਼ਾਮ ਦੁਹਰਾਉਣ ਦੀ ਸੂਰਤ ਵਿੱਚ ਵਿਰੋਧੀ ਧਿਰ ਖਿਲਾਫ ਅਦਾਲਤੀ ਕਾਰਵਾਈ ਕਰਨ ਦੀ ਧਮਕੀ ਵੀ ਦਿੱਤੀ।