ਓਟਵਾ, 8 ਅਕਤੂਬਰ  : ਕੰਜ਼ਰਵੇਟਿਵ ਆਗੂ ਐਰਿਨ ਓਟੂਲ ਦਾ ਕਹਿਣਾ ਹੈ ਕਿ ਉਹ ਆਪਣੀ ਪਾਰਟੀ ਦੇ ਐਮਪੀਜ਼ ਨੂੰ ਅਜਿਹੇ ਦੋ ਬਿੱਲਾਂ ਉੱਤੇ ਖੁੱਲ੍ਹ ਕੇ ਵੋਟ ਪਾਉਣ ਦੀ ਇਜਾਜ਼ਤ ਦੇਣਗੇ, ਜਿਹੜੇ ਉਨ੍ਹਾਂ ਦੀ ਪਾਰਟੀ ਅੰਦਰ ਵਿਵਾਦਗ੍ਰਸਤ ਮੰਨੇ ਜਾਂਦੇ ਹਨ|
ਪਿਛਲੇ ਹਫਤੇ ਲਿਬਰਲ ਸਰਕਾਰ ਵੱਲੋਂ ਇਹ ਬਿੱਲ ਮੁੜ ਪੇਸ਼ ਕੀਤਾ ਗਿਆ ਸੀ ਜਿਸ ਤਹਿਤ ਅਜਿਹੇ ਰੁਝਾਨ ਉੱਤੇ ਪਾਬੰਦੀ ਲਾਉਣ ਦੀ ਪੈਰਵੀ ਕੀਤੀ ਗਈ ਹੈ ਜਿਹੜਾ ਕਿਸੇ ਨੂੰ ਆਪਣੇ ਜਿਨਸੀ ਝੁਕਾਅ ਜਾਂ ਲਿੰਗਕ ਪਛਾਣ ਬਦਲਣ ਲਈ ਥੈਰੇਪੀ ਕਰਵਾਉਣ ਲਈ ਮਜਬੂਰ ਕਰਦਾ ਹੈ| ਇਸ ਤੋਂ ਇਲਾਵਾ ਲਿਬਰਲਾਂ ਨੇ ਉਸ ਬਿੱਲ ਨੂੰ ਵੀ ਮੁੜ ਪੇਸ਼ ਕੀਤਾ ਹੈ ਜਿਸ ਤਹਿਤ ਮੌਤ ਲਈ ਮੈਡੀਕਲ ਸਹਾਇਤਾ ਵਾਸਤੇ ਇਜਾਜ਼ਤ ਦੇਣ ਦੀ ਗੱਲ ਆਖੀ ਗਈ ਹੈ|
ਇਨ੍ਹਾਂ ਦੋਵਾਂ ਬਿੱਲਜ਼ ਦਾ ਕੰਜ਼ਰਵੇਟਿਵ ਪਾਰਟੀ ਦੇ ਕੱਟੜਪੰਥੀਆਂ ਵੱਲੋਂ ਸਖਤ ਵਿਰੋਧ ਕੀਤਾ ਗਿਆ| ਅਗਸਤ ਦੇ ਮਹੀਨੇ ਓਟੂਲ ਦੇ ਲੀਡਰਸ਼ਿਪ ਦੌੜ ਜਿੱਤਣ ਵਿੱਚ ਇਸ ਧੜੇ ਨੇ ਅਹਿਮ ਭੂਮਿਕਾ ਨਿਭਾਈ ਸੀ| ਓਟੂਲ ਨੇ ਇਹ ਵਾਅਦਾ ਵੀ ਕੀਤਾ ਸੀ ਕਿ ਉਨ੍ਹਾਂ ਦੇ ਨਜ਼ਰੀਏ ਦੀ ਹਮੇਸ਼ਾਂ ਕਦਰ ਕੀਤੀ ਜਾਵੇਗੀ| ਮਰਨ ਲਈ ਮੈਡੀਕਲ ਅਸਿਸਟੈਂਸ ਦੀ ਇਜਾਜ਼ਤ ਦੇਣ ਸਬੰਧੀ ਜਦੋਂ ਪਹਿਲਾਂ ਬਿੱਲ ਲਿਆਂਦਾ ਗਿਆ ਸੀ ਤਾਂ ਓਟੂਲ ਨੇ ਉਸ ਖਿਲਾਫ ਵੋਟ ਪਾਈ ਸੀ ਪਰ ਪਿਛਲੇ ਹਫਤੇ ਉਨ੍ਹਾਂ ਇਹ ਆਖਿਆ ਕਿ ਉਹ ਕਨਵਰਜ਼ਨ ਥੈਰੇਪੀ ਉੱਤੇ ਪਾਬੰਦੀ ਲਾਉਣ ਦੇ ਹੱਕ ਵਿੱਚ ਹਨ|