ਵੈਲਿੰਗਟਨ:ਨਿਊਜ਼ੀਲੈਂਡ ਕ੍ਰ਼ਿਕਟ ਟੀਮ ਦਾ ਕਪਤਾਨ ਕੇਨ ਵਿਲੀਅਮਸਨ ਕੂਹਣੀ ਦੀ ਸੱਟ ਕਾਰਨ ਬੰਗਲਾਦੇਸ਼ ਨਾਲ ਇਸ ਮਹੀਨੇ ਹੋਣ ਵਾਲੀ ਤਿੰਨ ਇੱਕ ਰੋਜ਼ਾ ਮੈਚਾਂ ਦੀ ਸੀਰੀਜ਼ ਵਿੱਚ ਨਹੀਂ ਖੇਡ ਸਕੇਗਾ। ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਮੈਡੀਕਲ ਮੈਨੇਜਰ ਡੇਲ ਸ਼ਾਕਲ ਨੇ ਕਿਹਾ ਕਿ ਵਿਲੀਅਮਸਨ ਦੀ ਸੱਜੀ ਕੂਹਣੀ ਵਿੱਚ ਦਰਦ ਹੈ ਤੇ ਉਸ ਨੂੰ ਇਸ ਦਾ ਤੁਰੰਤ ਇਲਾਜ ਕਰਵਾਉਣਾ ਪਵੇਗਾ। ਸ਼ਾਕਲ ਨੇ ਕਿਹਾ ਕਿ ਕੇਨ ਨੇ ਇਨ੍ਹਾਂ ਗਰਮੀਆਂ ਵਿੱਚ ਦਰਦ ਘਟਾਉਣ ਲਈ ਬਹੁਤ ਕੋਸ਼ਿਸ ਕੀਤੀ ਪਰ ਇਸ ਵਿੱਚ ਸੁਧਾਰ ਨਹੀਂ ਹੋਇਆ। ਉਸ ਨੇ ਕਿਹਾ ਕਿ ਕੇਨ ਨੂੰ ਇਲਾਜ ਦੇ ਨਾਲ-ਨਾਲ ਆਰਾਮ ਦੀ ਸਖ਼ਤ ਜ਼ਰੂਰਤ ਹੈ। ਬੰਗਲਾਦੇਸ਼ ਖ਼ਿਲਾਫ਼ ਇੱਕ ਰੋਜ਼ਾ ਮੈਚ 20, 23 ਅਤੇ 26 ਮਾਰਚ ਨੂੰ ਖੇਡੇ ਜਾਣਗੇ। ਉਸ ਦੀ ਟੀ-20 ਮੈਚਾਂ ਵਿੱਚ ਵੀ ਖੇਡਣ ਦੀ ਘੱਟ ਹੀ ਸੰਭਾਵਨਾ ਹੈ ਕਿਉਂਕਿ ਉਸ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਲਈ ਭਾਰਤ ਜਾਣਾ ਹੈ। ਉਹ ਮਈ ਵਿੱਚ ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿੱਚ ਨਿਊਜ਼ੀਲੈਂਡ ਟੀਮ ਵਿੱਚ ਸ਼ਾਮਲ ਹੋਵੇਗਾ। ਇਸ ਮਗਰੋਂ ਉਹ 18 ਤੋਂ 22 ਜੂਨ ਨੂੰ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤ ਖ਼ਿਲਾਫ਼ ਖੇਡੇਗਾ।