ਰੋਮ, 15 ਮਈ
ਸਾਬਕਾ ਫਰੈਂਚ ਓਪਨ ਚੈਂਪੀਅਨ ਗਾਰਬਾਈਨ ਮੁਗੁਰੂਜ਼ਾ ਨੇ ਫਰੈਂਚ ਓਪਨ ਦੀ ਤਿਆਰੀ ਪੁਖ਼ਤਾ ਕਰਦਿਆਂ ਚੀਨ ਦੀ ਝੇਂਗ ਸੇਈਸੇਈ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਇਟਾਲੀਅਨ ਓਪਨ ਟੈਨਿਸ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ, ਜਦੋਂਕਿ ਸੇਰੇਨਾ ਵਿਲੀਅਮਜ਼ ਅਤੇ ਵੀਨਸ ਵਿਲੀਅਮਜ਼ ਵੀ ਆਪੋ-ਆਪਣੇ ਮੁਕਾਬਲੇ ਜਿੱਤ ਕੇ ਅਗਲੇ ਗੇੜ ਵਿੱਚ ਪਹੁੰਚ ਗਈਆਂ ਹਨ।
ਦੁਨੀਆਂ ਦੀ ਸਾਬਕਾ ਅੱਵਲ ਨੰਬਰ ਖਿਡਾਰਨ ਮੁਗਰੂਜ਼ਾ ਨੇ 46ਵੀਂ ਰੈਂਕਿੰਗ ਵਾਲੀ ਸੇਈਸੇਈ ਨੂੰ 6-3, 6-4 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਅਮਰੀਕਾ ਦੀ ਡੈਨੀਅਲ ਰੋਜ਼ ਕੋਲਿਨਜ਼ ਨਾਲ ਹੋਵੇਗਾ, ਜਿਸ ਨੇ ਡੈੱਨਮਾਰਕ ਦੀ ਕੈਰੋਲਾਈਨ ਵੋਜ਼ਨਿਆਕੀ ਨੂੰ 7-6, 7-5 ਨਾਲ ਹਰਾਇਆ। ਮੈਡਰਿਡ ਓਪਨ ਦੇ ਪਹਿਲੇ ਹੀ ਗੇੜ ਵਿੱਚੋਂ ਬਾਹਰ ਹੋਣ ਵਾਲੀ ਮੁਗੁਰੂਜ਼ਾ ਨੇ ਇਸ ਜਿੱਤ ਮਗਰੋਂ ਕਿਹਾ, ‘‘ਇਹ ਬਹੁਤ ਹੌਲੀ ਸ਼ੁਰੂਆਤ ਸੀ, ਪਰ ਮੈਂ ਬਹੁਤ ਖ਼ੁਸ਼ ਹਾਂ ਕਿਉਂਕਿ ਪਿਛਲਾ ਹਫ਼ਤਾ ਮੇਰੇ ਲਈ ਵਧੀਆ ਨਹੀਂ ਰਿਹਾ।’’ ਫਰੈਂਚ ਓਪਨ (2016) ਅਤੇ ਵਿੰਬਲਡਨ (2017) ਜੇਤੂ 25 ਸਾਲ ਦੀ ਮੁਗੁਰੂਜ਼ਾ ਰੋਮ ਵਿੱਚ ਦੋ ਵਾਰ ਸੈਮੀ-ਫਾਈਨਲ ਵਿੱਚ ਪੁੱਜ ਚੁੱਕੀ ਹੈ। ਦੋ ਵਾਰ ਦੀ ਆਸਟਰੇਲੀਅਨ ਓਪਨ ਚੈਂਪੀਅਨ ਵਿਕਟੋਰੀਆ ਅਜ਼ਾਰੇਂਕਾ ਨੇ ਚੀਨ ਦੀ ਝਾਂਗ ਸ਼ੁਆਈ ਨੂੰ 6-2, 6-1 ਨਾਲ ਮਾਤ ਦਿੱਤੀ। ਹੁਣ ਉਹ ਦੋ ਵਾਰ ਦੀ ਰੋਮ ਚੈਂਪੀਅਨ ਇਲੀਨਾ ਸਵਿਤੋਲੀਨਾ ਨਾਲ ਖੇਡੇਗੀ। ਚਾਰ ਵਾਰ ਦੀ ਚੈਂਪੀਅਨ ਸੇਰੇਨਾ ਵਿਲੀਅਮਜ਼ ਨੇ ਸਵੀਡਨ ਦੀ ਕੁਆਲੀਫਾਇਰ ਰੇਬੈਕਾ ਪੀਟਰਸਨ ਨੂੰ 6-4, 6-2 ਨਾਲ ਮਾਤ ਦਿੱਤੀ। ਇਸੇ ਤਰ੍ਹਾਂ ਉਸ ਦੀ ਭੈਣ ਵੀਨਸ ਨੇ ਬੈਲਜੀਅਮ ਦੀ ਐਲਿਸ ਮਰਟੈਨਜ਼ ਨੂੰ 7-5, 3-6, 7-6 ਨਾਲ ਹਰਾਇਆ। ਚੀਨ ਦੀ 15ਵਾਂ ਦਰਜਾ ਪ੍ਰਾਪਤ ਵਾਂਗ ਕਿਆਂਗ ਨੂੰ ਚੈੱਕ ਗਣਰਾਜ ਦੀ ਕੈਟਰੀਨਾ ਸਿਨਿਆਕੋਵਾ ਨੇ 1-6, 7-5, 6-4 ਨਾਲ ਸ਼ਿਕਸਤ ਦਿੱਤੀ। ਡੌਮੀਨਿਕਾ ਸਿਬੁਲਕੋਵਾ ਨੇ ਅਲੈਕਜੈਂਡਰਾ ਸਾਸਨੋਵਿਚ ਨੂੰ 6-2, 6-3 ਨਾਲ ਹਰਾਇਆ। ਹੁਣ ਉਸ ਦੀ ਟੱਕਰ ਯੂਐਸ ਓਪਨ ਅਤੇ ਆਸਟਰੇਲੀਅਨ ਓਪਨ ਜੇਤੂ ਜਾਪਾਨ ਦੀ ਨਾਓਮੀ ਓਸਾਕਾ ਨਾਲ ਹੋਵੇਗੀ। ਬਰਤਾਨੀਆ ਦੀ ਜੌਹਨ ਕੌਂਟਾ ਨੇ ਏਲੀਸਨ ਰਿਸਕ ਨੂੰ 6-4, 6-1 ਨਾਲ ਹੂੰਝਾ ਫੇਰ ਦਿੱਤਾ, ਉਸ ਦੀ ਅਗਲੀ ਟੱਕਰ ਸਲੋਨ ਸਟੀਫ਼ਨਜ਼ ਨਾਲ ਹੋਵੇਗੀ। ਇਤਾਲਵੀ ਵਾਈਲਡਕਾਰਡ ਪ੍ਰਾਪਤ ਸਾਰਾ ਇਰਾਨੀ ਨੇ ਸਲੋਵਾਕ ਵਿਕਟੋਰੀਆ ਕੁਜ਼ਮੋਵਾ ਨੂੰ 6-1, 6-0 ਨਾਲ ਮਾਤ ਦਿੱਤੀ। ਅਮਰੀਕਾ ਦੀ 18ਵਾਂ ਦਰਜਾ ਪ੍ਰਾਪਤ ਮੈਡੀਸਨ ਕੀਅਜ਼ ਨੇ ਸਲੋਵੈਨੀਆ ਦੀ ਪੋਲੋਨਾ ਹਰਕੋਗ ਨੂੰ 6-4, 7-6 (7/3) ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਉਸ ਦੀ ਟੱਕਰ ਹਮਵਤਨ ਸੋਫੀਆ ਕੈਨਿਨ ਨਾਲ ਹੋਵੇਗੀ।