ਓਟਵਾ, ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ਵੱਲੋਂ ਜਮ੍ਹਾਂ ਕਰਵਾਏ ਗਏ ਨਵੇਂ ਸਬੂਤਾਂ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਗੇਰਾਲਡ ਬੱਟਸ ਵੱਲੋਂ ਵੀ ਹਾਊਸ ਦੀ ਨਿਆਂ ਕਮੇਟੀ ਕੋਲ ਨਵੇਂ ਟੈਕਸਟ ਤੇ ਨੋਟਸ ਜਮ੍ਹਾਂ ਕਰਵਾਏ ਗਏ ਹਨ।
ਬੱਟਸ ਨੇ ਐਤਵਾਰ ਨੂੰ ਕੀਤੇ ਗਏ ਟਵੀਟ ਵਿੱਚ ਆਖਿਆ ਕਿ ਵਿਲਸਨ ਰੇਅਬੋਲਡ ਦੀ ਗਵਾਹੀ ਦਾ ਮੁਲਾਂਕਣ ਕਰਨ ਤੋਂ ਬਾਅਦ ਸਾਬਕਾ ਅਟਾਰਨੀ ਜਨਰਲ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਨਾਲ ਸਬੰਧਤ ਨੋਟਸ ਤੇ ਟੈਕਸਟਸ ਉਨ੍ਹਾਂ ਵੱਲੋਂ ਵੀ ਕਮੇਟੀ ਕੋਲ ਜਮ੍ਹਾਂ ਕਰਵਾ ਦਿੱਤੇ ਗਏ ਹਨ। ਇਸ ਮਾਮਲੇ ਵਿੱਚ ਬੱਟਸ ਦਾ ਧੰਨਵਾਦ ਕਰਦਿਆਂ ਨਿਆਂ ਤੇ ਮਨੁੱਖੀ ਅਧਿਕਾਰਾਂ ਬਾਰੇ ਮੌਜੂਦਾ ਕਮੇਟੀ ਦੇ ਚੇਅਰ ਐਂਥਨੀ ਹਾਊਸਫਾਦਰ ਨੇ ਆਖਿਆ ਕਿ ਅਸੀਂ ਇਨ੍ਹਾਂ ਦਸਤਾਵੇਜ਼ਾਂ ਨੂੰ ਸਵੀਕਾਰ ਕਰਦੇ ਹਾਂ ਤੇ ਇਨ੍ਹਾਂ ਨੂੰ ਜਲਦ ਹੀ ਟਰਾਂਸਲੇਟ ਕੀਤੇ ਜਾਣ ਤੋਂ ਬਾਅਦ ਜਨਤਕ ਕੀਤੇ ਜਾਣ ਦੇ ਹੁਕਮ ਵੀ ਕਮੇਟੀ ਨੂੰ ਦੇ ਦਿੱਤੇ ਗਏ ਹਨ।
ਜਿ਼ਕਰਯੋਗ ਹੈ ਕਿ ਬੱਟਸ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਆਫਿਸ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਦੂਜੇ ਪਾਸੇ ਵਿਲਸਨ ਰੇਅਬੋਲਡ ਨੇ ਨਿਆਂ ਕਮੇਟੀ ਨੂੰ ਲਿਖਤੀ ਬਿਆਨ ਦੇ ਨਾਲ ਨਾਲ ਪ੍ਰਿਵੀ ਕਾਉਂਸਲ ਦੇ ਅਹੁਦਾ ਛੱਡ ਰਹੇ ਕਲਰਕ ਮਾਈਕਲ ਵਰਨਿੱਕ ਨਾਲ ਹੋਈ ਗੱਲਬਾਤ ਦੀ ਆਡੀਓ ਰਿਕਾਰਡਿੰਗ ਵੀ ਸੌਂਪੀ ਹੈ। ਇਸ ਸਬੂਤ ਨੂੰ ਸ਼ੁੱਕਰਵਾਰ ਨੂੰ ਜਨਤਕ ਕੀਤਾ ਗਿਆ। ਰੇਅਬੋਲਡ ਵੱਲੋਂ ਜਮ੍ਹਾਂ ਕਰਵਾਈ ਗਈ ਹੋਰ ਸਮੱਗਰੀ ਕਮੇਟੀ ਸਾਹਮਣੇ ਦਿੱਤੀ ਗਈ ਉਨ੍ਹਾਂ ਦੀ ਗਵਾਹੀ ਦਾ ਹੀ ਵਿਸਥਾਰਪੂਰਨ ਵੇਰਵਾ ਸੀ।
ਐਤਵਾਰ ਨੂੰ ਬਰੈਂਪਟਨ, ਓਨਟਾਰੀਓ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਆਖਿਆ ਕਿ ਬੱਟਸ ਵੱਲੋਂ ਪੇਸ਼ ਨਵੇਂ ਸਬੂਤ ਵੀ ਇਸੇ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਲਿਬਰਲਾਂ ਨੇ ਨਿਆਂ ਕਮੇਟੀ ਦੀ ਜਾਂਚ ਸਮੇਂ ਤੋਂ ਪਹਿਲਾਂ ਹੀ ਬੰਦ ਕਰਵਾ ਦਿੱਤੀ। ਇਸ ਲਈ ਅਸੀਂ ਹੁਣ ਐਥਿਕਸ ਕਮੇਟੀ ਤੋਂ ਮੰਗ ਕਰਦੇ ਹਾਂ ਕਿ ਉਹ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਲਈ ਜਾਂਚ ਦੀ ਇਜਾਜ਼ਤ ਦੇਵੇ।