ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੇ ਮੈਂਬਰਾਂ ਨੇ ਰਾਜ ਸਭਾ ’ਚ ਸਦਨ ਦੇ ਨੇਤਾ ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਇੱਕ ਟਿੱਪਣੀ ਲਈ ਉਨ੍ਹਾਂ ਤੋਂ ਮੁਆਫ਼ੀ ਦੀ ਮੰਗ ਕਰਦਿਆਂ ਅੱਜ ਇੱਕ ਧਿਆਨ ਦਿਵਾਊ ਨੋਟਿਸ ਦਿੱਤਾ ਹੈ। ਨੋਟਿਸ ਦੇਣ ਵਾਲੀਆਂ ਪਾਰਟੀਆਂ ਵਿੱਚ ਕਾਂਗਰਸ ਤੋਂ ਇਲਾਵਾ ਟੀਐੱਮਸੀ, ਆਮ ਆਦਮੀ ਪਾਰਟੀ, ਆਰਜੇਡੀ, ਡੀਐੱਮਕੇ, ਜੇਡੀਯੂ, ਐੱਨਸੀਪੀ ਤੇ ਖੱਬੀਆਂ ਪਾਰਟੀਆਂ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਵਿਰੋਧੀ ਪਾਰਟੀਆਂ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਨੋਟਿਸ ਦਿੰਦਿਆਂ ਗੋਇਲ ਦੀਆਂ ਉਨ੍ਹਾਂ ਟਿੱਪਣੀਆਂ ਖ਼ਿਲਾਫ਼ ਸ਼ਿਕਾਇਤ ਕੀਤੀ ਜੋ ਉਨ੍ਹਾਂ ਮੀਡੀਆ ਪੋਰਟਲ ‘ਨਿਊਜ਼ ਕਲਿੱਕ’ ਨੂੰ ਕਥਿਤ ਤੌਰ ’ਤੇ ਚੀਨ ਦੇ ਪ੍ਰਚਾਰ ਲਈ ਚੀਨ ਨਾਲ ਸਬੰਧਤ ਕੰਪਨੀਆਂ ਤੋਂ ਫੰਡਿੰਗ ਮਿਲਣ ਨਾਲ ਸਬੰਧ ਮੁੱਦੇ ’ਤੇ ਬੋਲਣ ਦੌਰਾਨ ਕੀਤੀਆਂ ਸੀ।