ਨਵੀਂ ਦਿੱਲੀ:ਉੜੀਸਾ ’ਚ ਭਿਆਨਕ ਰੇਲ ਹਾਦਸੇ ’ਤੇ ਅਫ਼ਸੋਸ ਅਤੇ ਹੈਰਾਨੀ ਜਤਾਉਂਦਿਆਂ ਵਿਰੋਧੀ ਧਿਰਾਂ ਦੇ ਆਗੂਆਂ ਨੇ ਰੇਲਵੇ ਵੱਲੋਂ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਤਰਜੀਹ ਦੇਣ ’ਤੇ ਜ਼ੋਰ ਦਿੱਤਾ। ਕੁਝ ਆਗੂਆਂ ਨੇ ਹਾਦਸੇ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕਰਦਿਆਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੋਂ ਅਸਤੀਫ਼ੇ ਦੀ ਮੰਗ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ।  ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਰੇਲ ਮੰਤਰੀ ਤੋਂ ਕਈ ਸਵਾਲ ਪੁੱਛਣ ਵਾਲੇ ਬਣਦੇ ਹਨ ਪਰ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਹੋਣ ਕਾਰਨ ਅਜੇ ਉਡੀਕ ਕੀਤੀ ਜਾ ਸਕਦੀ ਹੈ। ਉਨ੍ਹਾਂ ਕਾਂਗਰਸ ਵਰਕਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਰੇਲ ਹਾਦਸੇ ਨੂੰ ਕੌਮੀ ਤ੍ਰਾਸਦੀ ਮੰਨਦਿਆਂ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਰੇਲ ਨੈੱਟਵਰਕ ਦੇ ਕੰਮਕਾਜ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਹਾਦਸੇ ਦੀ ਢੁੱਕਵੀਂ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਾਦਸੇ ਪਿੱਛੇ ਕੋਈ ਕਾਰਨ ਜ਼ਰੂਰ ਰਿਹਾ ਹੋਵੇਗਾ ਅਤੇ ਸੱਚਾਈ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਟੱਕਰ ਤੋਂ ਬਚਾਉਣ ਵਾਲੀ ਪ੍ਰਣਾਲੀ ‘ਕਵਚ’ ਕੰਮ ਕਿਉਂ ਨਹੀਂ ਕਰ ਰਹੀ ਸੀ। ਸੀਪੀਆਈ ਦੇ ਸੰਸਦ ਮੈਂਬਰ ਬਿਨੋਏ ਵਿਸਵਮ ਅਤੇ ਆਰਜੇਡੀ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਅਸਤੀਫ਼ਾ ਮੰਗਿਆ ਹੈ। ਵਿਸਵਮ ਨੇ ਕਿਹਾ ਕਿ ਸਰਕਾਰ ਆਲੀਸ਼ਾਨ ਟਰੇਨਾਂ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਜਨਤਾ ਦਲ (ਯੂ) ਆਗੂ ਸੰਜੈ ਕੁਮਾਰ ਝਾਅ ਨੇ ਕਿਹਾ ਕਿ ਹਾਦਸੇ ਨਾਲ ਰੇਲਵੇ ਦੀਆਂ ਖਾਮੀਆਂ ਉਜਾਗਰ ਹੋ ਗਈਆਂ ਹਨ। ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਹਾਦਸੇ ’ਤੇ ਦੁੱਖ ਜਤਾਇਆ ਹੈ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਪਾਰਟੀ ਨੇ ਅੱਜ ਦੇ ਸਾਰੇ ਪ੍ਰੋਗਰਾਮ ਮੁਲਤਵੀ ਦਰਨ ਦਾ ਫ਼ੈਸਲਾ ਲਿਆ ਹੈ। ਭਾਜਪਾ ਆਗੂ ਵਰੁਣ ਗਾਂਧੀ ਨੇ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਤਨਖ਼ਾਹ ਦਾ ਕੁਝ ਹਿੱਸਾ ਪੀੜਤਾਂ ਦੇ ਪਰਿਵਾਰਾਂ ਲਈ ਦਾਨ ਕਰਨ।