ਚੰਡੀਗੜ੍ਹ, 29 ਨਵੰਬਰ: ਆਮ ਆਦਮੀ ਪਾਰਟੀ (‘ਆਪ’) ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਦੂਸਰੇ ਦਿਨ ਪੋਸਟਰਾਂ ਸਮੇਤ ਦਾਖ਼ਲ ਹੋ ਕੇ ਸਦਨ ਨੂੰ ਮੁੱਢ ਤੋਂ ਹੀ ਰੌਲੇ-ਰੱਪੇ ਵਿੱਚ ਰੋਲ ਦਿੱਤਾ। ਇਹ ਵਿਧਾਇਕ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਡਰੱਗ ਮਾਮਲੇ ਵਿੱਚ ਹੀ ਉਲਝੇ ਰਹੇ, ਜਿਸ ਕਾਰਨ ਲੋਕ ਮੁੱਦੇ ਗਾਇਬ ਹੀ ਰਹੇ।
ਅੱਜ ਸਰਦ ਰੁੱਤ ਸੈਸ਼ਨ ਦੇ ਦੂਸਰੇ ਦਿਨ ਸਵੇਰੇ 10 ਵਜੇ ਜਿਉਂ ਹੀ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਪ੍ਰਸ਼ਨ ਕਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਤਾਂ ਸ੍ਰੀ ਖਹਿਰਾ ਦੀ ਅਗਵਾਈ ਹੇਠ ‘ਆਪ’ ਅਤੇ ਬੈਂਸ ਭਰਾ ਬੈਂਚਾਂ ਤੋਂ ਉਠ ਖੜ੍ਹੇ ਹੋਏ ਅਤੇ ਨਾਲ ਲਿਆਂਦੇ ਪੋਸਟਰ ਹਵਾ ਵਿੱਚ ਲਹਿਰਾ ਕੇ ਵਿਰੋਧੀ ਧਿਰ ਦੇ ਆਗੂ ਦੇ ਡਰੱਗ ਨਾਲ ਜੁੜੇ ਮੁੱਦੇ ਦੇ ਸਬੰਧ ਵਿੱਚ ਕੰਮ ਰੋਕੂ ਪ੍ਰਸਤਾਵ ਪ੍ਰਵਾਨ ਕਰਨ ’ਤੇ ਅੜੇ ਰਹੇ। ‘ਆਪ’ ਵਿਧਾਇਕਾਂ ਦੇ ਹੱਥਾਂ ਵਿੱਚ ਫੜੇ ਪੋਸਟਰਾਂ ’ਤੇ ਜਿੱਥੇ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਡਰੱਗ ਮਾਫੀਆ ਨਾਲ ਫੋਟੋਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ ਉਥੇ ਖਹਿਰਾ ਨਾਲ ਜੁੜੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਸਪੀਕਰ ਨੇ ਇਹ ਕਹਿ ਕੇ ਕੰਮ ਰੋਕੂ ਪ੍ਰਸਤਾਵ ਲਿਆਉਣ ਤੋਂ ਇਨਕਾਰ ਕਰ ਦਿੱਤਾ ਕਿ ‘ਆਪ’ ਵੱਲੋਂ ਇਸ ਸਬੰਧੀ ਕੇਵਲ ਅੱਧਾ ਘੰਟਾ ਪਹਿਲਾਂ ਹੀ ਨੋਟਿਸ ਦਿੱਤਾ ਗਿਆ ਹੈ। ਇਸ ’ਤੇ ‘ਆਪ’ ਦੇ ਵਿਧਾਇਕ ਸਪੀਕਰ ਮੂਹਰੇ ਸਦਨ ਦੇ ਵਿਚਾਲੇ ਚਲੇ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ‘ਆਪ’ ਅਤੇ ਅਕਾਲੀ ਦਲ-ਭਾਜਪਾ ਦੇ ਵਿਧਾਇਕ ਵੈੱਲ ਵਿੱਚ ਹੀ ਇੱਕ-ਦੂਸਰੇ ਦੇ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਸ੍ਰੀ ਖਹਿਰਾ ਸ੍ਰੀ ਮਜੀਠੀਏ ਦੀਆਂ ਡਰੱਗ ਮਾਫੀਆ ਨਾਲ ਫੋਟੋਆਂ ਦਾ ਪੋਸਟਰ ਅਕਾਲੀ ਵਿਧਾਇਕਾਂ ਮੂਹਰੇ ਲਹਿਰਾ ਕੇ ਨਾਅਰੇਬਾਜ਼ੀ ਕਰਨ ਲੱਗ ਪਏ। ਦੋਵਾਂ ਆਗੂਆਂ ਵਿਚਾਲੇ ਗਰਮਾ-ਗਰਮੀ ਵੀ ਹੋਈ। ਉਂਜ ਪਿਛਲੇ ਕੁਝ ਸਮੇਂ ਤੋਂ ਸ੍ਰੀ ਖਹਿਰਾ ਤੋਂ ਦੂਰੀ ਬਣਾਈ ਬੈਠੇ ‘ਆਪ’ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਅਮਰਜੀਤ ਸਿੰਘ ਸੰਦੋਆ ਆਦਿ ਅੱਜ ਪੋਸਟਰ ਲਹਿਰਾਉਣ ’ਚ ਮੋਹਰੀ ਸਨ। ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕ ਨਾਅਰੇ ਲਾ ਕੇ ਸਪੀਕਰ ਕੋਲੋਂ ਕਿਸਾਨਾਂ ਦੇ ਕਰਜ਼ਿਆਂ ਦੇ ਮੁੱਦੇ ਉਪਰ ਬਹਿਸ ਕਰਾਉਣ ਦੀ ਮੰਗ ਕਰ ਰਹੇ ਸਨ। ਪ੍ਰਸ਼ਨਕਾਲ ਦੌਰਾਨ ਦੋਵੇਂ ਵਿਰੋਧੀ ਧਿਰਾਂ ਵੱਲੋਂ ਸੱਤਾਧਾਰੀ ਧਿਰ ਨੂੰ ਘੇਰਨ ਦੀ ਥਾਂ ਆਪਸ ਵਿੱਚ ਹੀ ਉਲਝਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਕਾਂਗਰਸੀ ਵਿਧਾਇਕ ਮੁਸਕਰਾ ਕੇ ਦੋਵੇਂ ਵਿਰੋਧੀ ਧਿਰਾਂ ਦਾ ਤਮਾਸ਼ਾ ਦੇਖਦੇ ਰਹੇ। ਇਸ ਦੌਰਾਨ ਭਾਵੇਂ ਸਪੀਕਰ ਵਾਰ-ਵਾਰ ‘ਆਪ’ ਦੇ ਵਿਧਾਇਕਾਂ ਨੂੰ ਪ੍ਰਸ਼ਨ ਕਾਲ ਚੱਲਣ ਦੇਣ ਅਤੇ ਆਪਣੀ ਗੱਲ ਸਿਫ਼ਰ ਕਾਲ ਦੌਰਾਨ ਕਹਿਣ ਦੀ ਨਸੀਹਤ ਦਿੰਦੇ ਰਹੇ ਪਰ ਮੁੱਖ ਵਿਰੋਧੀ ਧਿਰ ਉਪਰ ਇਸ ਦਾ ਕੋਈ ਅਸਰ ਨਹੀਂ ਹੋਇਆ। ਫਿਰ ਸਪੀਕਰ ਨੇ ਰੌਲੇ-ਰੱਪੇ ਦੌਰਾਨ ਹੀ ਪ੍ਰਸ਼ਨ ਕਾਲ ਸ਼ੁਰੂ ਕਰਵਾ ਦਿੱਤਾ।
ਪ੍ਰਸ਼ਨ ਕਾਲ ਦੌਰਾਨ ਤਰਨ ਤਾਰਨ ਤੋਂ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਇੱਕ ਸਵਾਲ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਵਧਾਉਣ ਲਈ ਅਧਿਆਪਕਾਂ ਦਾ ਵੱਖਰਾ ‘ਸਰਹੱਦੀ ਖੇਤਰ ਕਾਡਰ’ ਬਣਾਇਆ ਜਾਵੇਗਾ। ਇਸ ਕਾਡਰ ਦੇ ਅਧਿਆਪਕਾਂ ਦੀ ਨਿਯੁਕਤੀ, ਬਦਲੀ ਅਤੇ ਤਰੱਕੀ ਉਪਰੰਤ ਨਿਯੁਕਤੀ ਕੇਵਲ ਸਰਹੱਦੀ ਖੇਤਰਾਂ ਦੇ ਸਕੂਲਾਂ ਵਿੱਚ ਹੋਵੇਗੀ।
ਖੰਨਾ ਦੇ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਮਾਲਖਾਨਿਆਂ ਵਿੱਚ ਵੱਡੇ ਪੱਧਰ ’ਤੇ ਜ਼ਬਤ ਕੀਤੇ ਵਾਹਨਾਂ ਨੂੰ ਛੱਡਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਜਨਮ ਤੇ ਮੌਤ ਦੇ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਸੁਖਾਲੀ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਡਾ. ਸੁਖਵਿੰਦਰ ਕੁਮਾਰ, ਸੰਤੋਖ ਸਿੰਘ, ਕੁਲਜੀਤ ਸਿੰਘ ਨਾਗਰਾ, ਤਰਸੇਮ ਸਿੰਘ ਡੀਸੀ, ਸੋਮ ਪ੍ਰਕਾਸ਼ ਆਦਿ ਨੇ ਵੀ ਸਵਾਲ ਰੱਖੇ। ਰੌਲੇ-ਰੱਪੇ ਦੌਰਾਨ ਪ੍ਰਸ਼ਨਕਾਲ ਸਵੇਰੇ 11:00 ਵਜੇ ਦੀ ਥਾਂ 10:30 ਵਜੇ ਹੀ ਖ਼ਤਮ ਹੋ ਗਿਆ ਅਤੇ ਸਪੀਕਰ ਨੇ ਅੱਧੇ ਘੰਟੇ ਲਈ ਸੈਸ਼ਨ ਉਠਾ ਦਿੱਤਾ।
ਰੌਲੇ ਤੋਂ ਦੂਰ ਰਹੇ ਫੂਲਕਾ
ਵਿਧਾਨ ਸਭਾ ਵਿੱਚ ਜਦੋਂ ਪ੍ਰਸ਼ਨ ਕਾਲ ਦੌਰਾਨ ਹੀ ‘ਆਪ’ ਦੇ ਵਿਧਾਇਕ ਸ੍ਰੀ ਖਹਿਰਾ ਦੇ ਮੁੱਦੇ ਉਪਰ ਨਾਅਰੇ ਲਾਉਂਦੇ ਹੋਏ ਵੈੱਲ ਵਿੱਚ ਚਲੇ ਗਏ ਤਾਂ ਐਚ.ਐਸ. ਫੂਲਕਾ ਆਪਣੇ ਬੈਂਚ ਨੇੜੇ ਖੜ੍ਹੇ ਰਹੇ ਪਰ ਵੈੱਲ ਤੱਕ ਨਹੀਂ ਗਏ। ਇਸ ਦੌਰਾਨ ਉਨ੍ਹਾਂ ਨੇ ਨਾ ਤਾਂ ਆਪਣੇ ਸਾਥੀਆਂ ਨਾਲ ਨਾਅਰੇ ਲਾਏ ਅਤੇ ਨਾ ਹੀ ਹੱਥ ਵਿੱਚ ਪੋਸਟਰ ਫੜਿਆ। ਉਹ ਰੌਲੇ-ਰੱਪੇ ਦੌਰਾਨ ਬਾਅਦ ਵਿੱਚ ਸਦਨ ’ਚੋਂ ਬਾਹਰ ਚਲੇ ਗਏ।