ਜਲੰਧਰ, ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਗਲੇ ਮਹੀਨੇ ਸੈਰ-ਸਪਾਟਾ ਨੀਤੀ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਪੂਰਥਲਾ ਦੀ ਮੂਰਿਸ ਮਸਜਿਦ ਤੋਂ ਕਰਨਗੇ। ਸ੍ਰੀ ਸਿੱਧੂ ਅੱਜ ਇੱਥੇ ਡਾਕਟਰਾਂ ਦੀ ਚੱਲ ਰਹੀ ਕੌਮਾਂਤਰੀ ਕਾਨਫਰੰਸ ਵਿੱਚ ਹਿੱਸਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵਿਆਹਾਂ ਵਾਸਤੇ ਰਾਜਸਥਾਨ ਦੇ ਮਹੱਲਾਂ ਵਿੱਚ ਜਾਂਦੇ ਹਨ ਜਦਕਿ ਸੂਬੇ ਵਿੱਚ ਵੀ ਇਸ ਕਾਰੋਬਾਰ ਨੂੰ ਉਤਸ਼ਾਹਤ ਕਰਨ ਦੀਆਂ ਸੰਭਾਵਨਾਵਾਂ ਹਨ। ਪੰਜਾਬ ਵਿੱਚ 25 ਅਜਿਹੀਆਂ ਵਿਰਾਸਤੀ ਸਰਾਵਾਂ ਹਨ, ਜਿਨ੍ਹਾਂ ਨੂੰ ਵਿਆਹਾਂ ਵਾਸਤੇ ਕਿਰਾਏ ’ਤੇ ਦਿੱਤਾ ਜਾ ਸਕਦਾ ਹੈ। ਕਪੂਰਥਲਾ ਦੀ ਅਦਾਲਤੀ ਵਿਰਾਸਤ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਉਸ ਨੂੰ ਥ੍ਰੀ-ਸਟਾਰ ਜਾਂ ਫਾਈਵ ਸਟਾਰ ਹੈਰੀਟੇਜ ਹੋਟਲ ਵਿੱਚ ਬਦਲਿਆ ਜਾਵੇਗਾ, ਜੋ ਸੂਬੇ ਲਈ ਆਮਦਨ ਦਾ ਵੱਡਾ ਸਰੋਤ ਬਣ ਸਕਦਾ ਹੈ। ਇਸੇ ਤਰ੍ਹਾਂ ਕਪੂਰਥਲਾ ਦੇ ਸੈਨਿਕ ਸਕੂਲ ਨੂੰ ਵੀ ਹੋਰ ਥਾਂ ’ਤੇ ਬਦਲੇ ਜਾਣ ਲਈ 10 ਕਰੋੜ ਰੁਪਏ ਦਿੱਤੇ ਗਏ ਹਨ। ਸ੍ਰੀ ਸਿੱਧੂ ਨੇ ਕਿਹਾ ਕਿ ਜੇਕਰ ਸਕੂਲ ਵਾਲੇ ਮੰਨ ਗਏ ਤਾਂ ਮਹਾਰਾਜਾ ਕਪੂਰਥਲਾ ਦੇ ਮਹਿਲ ਨੂੰ ਸੈਲਾਨੀ ਕੇਂਦਰ ਵਜੋਂ ਉਭਾਰਿਆ ਜਾਵੇਗਾ। ਸੁਲਤਾਨਪੁਰ ਲੋਧੀ ਦੇ ਇਤਿਹਾਸਕ ਸਥਾਨ ਨੂੰ ਸੈਰ ਸਪਾਟਾ ਕੇਂਦਰ ਵਜੋਂ ਉਭਾਰਨ ਲਈ ਪੰਜਾਬ ਦੇ ਤਿੰਨਾਂ ਤਖ਼ਤਾਂ ਨਾਲ ਜੋੜਿਆ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ 25 ਜਾਂ 26 ਜਨਵਰੀ 2018 ਦੇ ਨੇੜੇ ਜੰਗੇ-ਆਜ਼ਾਦੀ ਯਾਦਗਾਰ ਦਾ ਉਦਘਾਟਨ ਕੀਤਾ ਜਾਵੇਗਾ। ਇੱਥੇ ਲੋਕਾਂ ਦੇ ਰੁਕਣ ਦੀ ਠਾਹਰ ਬਣਾਈ ਜਾਵੇਗੀ।
ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਤਿੱਖੀਆਂ ਟਿੱਪਣੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਹੋਟਲ ਤਾਂ ਫਾਈਵ ਸਟਾਰ ਬਣਾ ਲਏ ਹਨ ਪਰ ਸਰਕਾਰੀ ਹੋਟਲ ਪਿੰਕਾਸੀਆ ਦੀਆਂ ਤਾਂ ਲੋਕ ਇੱਟਾਂ ਵੀ ਚੁੱਕ ਕੇ ਲੈ ਗਏ ਹਨ। ਨਗਰ ਨਿਗਮ ਦੀਆਂ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਚੋਣਾਂ ਦਸੰਬਰ ਵਿੱਚ ਕਰਵਾ ਦਿੱਤੀਆਂ ਜਾਣਗੀਆਂ। ਨਗਰ ਨਿਗਮਾਂ ਤੇ ਨਗਰ ਕੌਂਸਲਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਦਸਾਂ ਸਾਲਾਂ ਦੇ ਕੰਮਾਂ ਦਾ ਆਡਿਟ ਕਰਵਾਇਆ ਜਾ ਰਿਹਾ ਹੈ ਤੇ ਇਹ ਆਡਿਟ 15 ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ।
ਅਕਾਲੀ ਦਲ ਨੂੰ ਜੀਜੇ-ਸਾਲੇ ਦੀ ਪਾਰਟੀ ਦੱਸਿਆ
ਬਿਕਰਮ ਸਿੰਘ ਮਜੀਠੀਆ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਲੋਕਾਂ ਨੇ ਅਕਾਲੀਆਂ ਨੂੰ ਔਕਾਤ ਦਿਖਾ ਦਿੱਤੀ ਹੈ, ਇਸੇ ਲਈ ਜੀਜੇ-ਸਾਲੇ ਦੀ ਪਾਰਟੀ ਪੰਜਾਬ ਵਿੱਚ ਵਿਰੋਧੀ ਧਿਰ ਦਾ ਰੁਤਬਾ ਵੀ ਨਹੀਂ ਪਾ ਸਕੀ। ਹਰਸਿਮਰਤ ਕੌਰ ਬਾਦਲ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਉਸ ਦੀ ਭੈਣ ਇਸ ਕਰ ਕੇ ਰੁੱਸ ਕੇ ਬਹਿ ਗਈ ਸੀ ਕਿ ਉਸ ਦੇ ਭਰਾ ਨੂੰ ਮੰਤਰੀ ਨਹੀਂ ਬਣਾਇਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਮੰਤਰੀ ਮੰਡਲ ਵਿੱਚ ਸੀਨੀਅਰ ਅਕਾਲੀ ਆਗੂਆਂ ਨੂੰ ਛੱਡ ਕੇ ਮਜੀਠੀਆ ਨੂੰ ਸੁਖਬੀਰ ਬਾਦਲ ਦਾ ਰਿਸ਼ਤੇਦਾਰ ਹੋਣ ਕਰ ਕੇ ਮੰਤਰੀ ਬਣਾਇਆ ਗਿਆ ਸੀ।