ਨੂਰ-ਸੁਲਤਾਨ (ਕਜ਼ਾਖ਼ਸਤਾਨ), ਭਾਰਤੀ ਕੁਸ਼ਤੀ ਲਈ ਅੱਜ ਦਾ ਦਿਨ ਸ਼ਾਨਦਾਰ ਰਿਹਾ। ਵਿਨੇਸ਼ ਫੋਗਾਟ ਨੇ ਇੱਥੇ ਕਾਂਸੀ ਦੇ ਤਗ਼ਮੇ ਨਾਲ ਟੋਕੀਓ ਓਲੰਪਿਕ-2020 ਲਈ ਕੁਆਲੀਫਾਈ ਕੀਤਾ, ਜਦਕਿ ਪੂਜਾ ਢਾਂਡਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੂਜੇ ਤਗ਼ਮੇ ਤੋਂ ਸਿਰਫ਼ ਇੱਕ ਜਿੱਤ ਦੂਰ ਹੈ। ਇਸ ਤੋਂ ਪਹਿਲਾਂ ਤਿੰਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਵਿਨੇਸ਼ ਤਗ਼ਮਾ ਹਾਸਲ ਨਹੀਂ ਕਰ ਸਕੀ ਸੀ, ਪਰ ਵਿਨੇਸ਼ ਇਸ ਤਰ੍ਹਾਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗ਼ਮੇ ਜਿੱਤਣ ਵਾਲੀ ਪੰਜਵੀਂ ਭਾਰਤੀ ਪਹਿਲਵਾਨ ਬਣ ਗਈ ਹੈ। ਉਸ ਤੋਂ ਪਹਿਲਾਂ ਅਲਕਾ ਤੋਮਰ (2006), ਗੀਤਾ ਫੋਗਾਟ (2012), ਬਬੀਤਾ ਫੋਗਾਟ (2012) ਅਤੇ ਪੂਜਾ ਢਾਂਡਾ (2018) ਨੇ ਇਸ ਟੂਰਨਾਮੈਂਟ ਵਿੱਚ ਤਗ਼ਮਾ ਜਿੱਤਿਆ ਹੈ।
ਵਿਨੇਸ਼ ਨੇ 53 ਕਿਲੋ ਰੈਪੇਚੇਜ ਦੇ ਦੂਜੇ ਗੇੜ ਵਿੱਚ ਅਮਰੀਕਾ ਦੀ ਸਾਰਾ ਆਨ ਹਿਲਡਬਰੰਟ ਨੂੰ 8-2 ਨਾਲ ਚਿੱਤ ਕੀਤਾ ਸੀ। ਸਾਰਾ ਨੇ ਘੱਟ ਤੋਂ ਘੱਟ ਪੰਜ ਵਾਰ ਵਿਨੇਸ਼ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਪਹਿਲਵਾਨ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਉਸ ਨੂੰ ਫ਼ਾਇਦਾ ਨਹੀਂ ਚੁੱਕਣ ਦਿੱਤਾ। ਵਿਨੇਸ਼ ਹੁਣ ਭਾਰਤ ਦੀਆਂ ਸਭ ਤੋਂ ਸਫਲ ਪਹਿਲਵਾਨਾਂ ਵਿੱਚੋਂ ਇੱਕ ਬਣ ਗਈ ਹੈ। ਉਸ ਨੇ ਆਪਣੇ ਕਰੀਅਰ ਵਿੱਚ ਰਾਸ਼ਟਰਮੰਡਲ ਖੇਡਾਂ ਅਤੇ ਏਸ਼ਿਆਈ ਖੇਡਾਂ ਦੇ ਸੋਨ ਤਗ਼ਮੇ ਆਪਣੀ ਝੋਲੀ ਵਿੱਚ ਪਾਏ ਹਨ। ਵਿਨੇਸ਼ ਡਰਾਅ ਦੇ ਦੂਜੇ ਗੇੜ ਵਿੱਚ ਮੌਜੂਦਾ ਚੈਂਪੀਅਨ ਮਾਯੂ ਮੁਕੈਦਾ ਤੋਂ ਹਾਰ ਗਈ ਸੀ। ਫਿਰ ਰੈਪੇਚੇਜ ਦੇ ਪਹਿਲੇ ਗੇੜ ਵਿੱਚ ਉਸ ਨੇ ਯੂਕਰੇਨ ਦੀ ਯੂਲੀਆ ਖਾਵਾਲਦਜ਼ੀ ਨੂੰ ਸ਼ਿਕਸਤ ਦਿੱਤੀ।
ਇਸੇ ਤਰ੍ਹਾਂ ਪੂਜਾ ਢਾਂਡਾ ਨੇ 59 ਕਿਲੋ ਦੇ ਸੈਮੀ-ਫਾਈਨਲ ਵਿੱਚ ਪਹੁੰਚ ਕੇ ਭਾਰਤੀ ਖ਼ੇਮੇ ਦੀ ਖ਼ੁਸ਼ੀ ਹੋਰ ਵਧਾ ਦਿੱਤੀ, ਹਾਲਾਂਕਿ ਇਹ ਵਰਗ ਓਲੰਪਿਕ ਵਿੱਚ ਸ਼ਾਮਲ ਨਹੀਂ ਹੈ। ਪੂਜਾ ਨੇ ਬੁਡਾਪੇਸਟ ਵਿੱਚ ਵਿਸ਼ਵ ਚੈਂਪੀਅਨਸ਼ਿਪ-2018 ਦੇ 57 ਕਿਲੋ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਸ ਨੇ ਜਾਪਾਨ ਦੀ ਯੁਜ਼ੂਕਾ ਇੰਗਾਕੀ ਖ਼ਿਲਾਫ਼ ਪੱਛੜਣ ਮਗਰੋਂ ਵਾਪਸੀ ਕਰਦਿਆਂ 11-8 ਨਾਲ ਜਿੱਤ ਦਰਜ ਕੀਤੀ। ਉਸ ਨੇ ਪ੍ਰੀ-ਕੁਆਰਟਰ ਵਿੱਚ ਬੇਲਾਰੂਸ ਦੀ ਕਤਸੀਅਰੀਅਨਾ ਹੰਚਾਰ ਨੂੰ ਮਾਤ ਦਿੱਤੀ ਸੀ ਅਤੇ ਹੁਣ ਉਹ ਸਾਬਕਾ ਯੂਰੋਪੀ ਚੈਂਪੀਅਨ ਰੂਸ ਦੀ ਲਿਊਬੋਵ ਓਵਚਾਰੋਵਾ ਨਾਲ ਭਿੜੇਗੀ। ਜੇਕਰ ਉਹ ਜਿੱਤ ਜਾਂਦੀ ਹੈ ਤਾਂ ਦੋ ਤਗ਼ਮੇ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਸਕਦੀ ਹੈ। ਭਾਰਤ ਦੇ ਪੁਰਸ਼ ਪਹਿਲਵਾਨ ਬਜਰੰਗ ਪੂਨੀਆ ਨੇ ਹੀ ਸਿਰਫ਼ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਤਗ਼ਮੇ ਜਿੱਤੇ ਹਨ। ਸੀਮਾ ਬਿਸਲਾ 50 ਕਿਲੋ ਦੇ ਰੈਪੇਚੇਜ ਮੁਕਾਬਲੇ ਵਿੱਚ ਰੂਸ ਦੀ ਐਕੇਟਰਿਨਾ ਪੋਲੇਸ਼ਚੁਕ ਤੋਂ ਹਾਰ ਕੇ ਓਲੰਪਿਕ ਕੁਆਲੀਫਾਈ ਕਰਨ ਤੋਂ ਖੁੰਝ ਗਈ। ਇਸੇ ਤਰ੍ਹਾਂ 76 ਕਿਲੋ ਵਰਗ ਵਿੱਚ ਕਿਰਨ ਨੇ ਜਰਮਨੀ ਦੀ ਪਹਿਲਵਾਨ ਐਲਿਨ ਰੋਟਰ ਤੋਂ 4-5 ਨਾਲ ਹਾਰ ਗਈ। ਸਰਿਤਾ ਮੋਰ ਤੋਂ ਵੀ ਉਮੀਦ ਸੀ ਕਿਉਂਕਿ ਟਰਾਇਲਜ਼ ਵਿੱਚ ਉਸ ਨੇ ਪੂਜਾ ਢਾਂਡਾ ਨੂੰ ਹਰਾਇਆ ਸੀ, ਪਰ ਉਹ ਮੋਲਦੋਵਾ ਦੀ ਅਨਾਸਤਾਸੀਆ ਨਿਚਿਤਾ ਤੋਂ 57 ਕਿਲੋ ਦੇ ਕੁਆਲੀਫਿਕੇਸ਼ਨ ਮੁਕਾਬਲੇ ਵਿੱਚ 1-5 ਨਾਲ ਹਾਰ ਗਈ।
ਨਵਜੌਤ ਕੌਰ (65 ਕਿਲੋ) ਨੂੰ ਸ਼ੁਰੂਆਤੀ ਮੁਕਾਬਲੇ ਵਿੱਚ ਅਜ਼ਰਬੇਜਾਨ ਦੀ ਐਲਿਸ ਮੋਨੋਲੋਵਾ ਤੋਂ ਸ਼ਿਕਸਤ ਮਿਲੀ ਜੋ ਬਾਅਦ ਵਿੱਚ ਸੈਮੀ-ਫਾਈਨਲ ਵਿੱਚ ਹਾਰ ਗਈ ਸੀ।