ਵਿਨੀਪੈੱਗ, 26 ਮਾਰਚ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਨੀਪੈੱਗ ਵਿੱਚ ਲੇਬਰ ਆਗੂਆਂ ਨਾਲ ਅੱਜ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਸੋਮਵਾਰ ਨੂੰ ਸਿਟੀ ਵਿੱਚ ਪਹੁੰਚੇ ਤੇ ਉਨ੍ਹਾਂ ਲਿਬਰਲਾਂ ਦੇ ਡੋਨਰ ਈਵੈਂਟ ਵਿੱਚ ਭਾਸ਼ਣ ਦਿੱਤਾ। ਇਸ ਮੌਕੇ ਉਨ੍ਹਾਂ ਆਖਿਆ ਕਿ ਇਸ ਸਾਲ ਦੇ ਅੰਤ ਵਿੱਚ ਉਹ ਸਾਰੇ ਲਿਬਰਲਾਂ ਨੂੰ ਵੋਟ ਪਾ ਕੇ ਉਹੋ ਜਿਹਾ ਦੇਸ਼ ਬਣਾਉਣ ਵਿੱਚ ਯੋਗਦਾਨ ਪਾ ਸਕਦੇ ਹਨ ਜਿਹੋ ਜਿਹਾ ਕੈਨੇਡੀਅਨ ਚਾਹੁੰਦੇ ਹਨ। ਟਰੂਡੋ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅੱਜਕੱਲ੍ਹ ਦੁਨੀਆ ਭਰ ਵਿੱਚ ਵੰਡੀਆਂ ਤੇ ਇੱਕ ਦੂਜੇ ਉੱਤੇ ਹਮਲੇ ਦੀ ਸਿਆਸਤ ਚੱਲ ਰਹੀ ਹੈ।
ਟਰੂਡੋ ਨੇ ਆਖਿਆ ਕਿ ਕੈਨੇਡੀਅਨਾਂ ਕੋਲ ਹੁਣ ਇਹ ਚੋਣ ਕਰਨ ਦਾ ਪੂਰਾ ਮੌਕਾ ਹੋਵੇਗਾ ਕਿ ਉਹ ਐਂਡਰਿਊ ਸ਼ੀਅਰ ਦੀ ਸਿਆਸਤ ਪ੍ਰਤੀ ਪਹੁੰਚ ਨੂੰ ਚੁਣਨਾ ਚਾਹੁੰਦੇ ਹਨ ਜਾਂ ਸਾਡੀ ਪਹੁੰਚ ਨੂੰ ਚੁਣਨਾ ਚਾਹੁੰਦੇ ਹਨ। ਟਰੂਡੋ ਨੇ ਐਸਐਨਸੀ-ਲਾਵਾਲਿਨ ਵਿਵਾਦ ਬਾਰੇ ਕੋਈ ਗੱਲ ਨਹੀਂ ਕੀਤੀ ਪਰ ਉਨ੍ਹਾਂ ਗੱਲ ਨੂੰ ਘੁਮਾਉਂਦਿਆਂ ਹੋਇਆਂ ਆਖਿਆ ਕਿ ਕੰਜ਼ਰਵੇਟਿਵ ਸਾਡੇ ਬਜਟ ਬਾਰੇ ਕੁੱਝ ਨਹੀਂ ਆਖ ਸਕਦੇ। ਇਸ ਦੌਰਾਨ ਟਰੂਡੋ ਇੰਟਰਨੈਸ਼ਨਲ ਟਰੇਡ ਡਾਇਵਰਸੀਫਿਕੇਸ਼ਨ ਮੰਤਰੀ ਜਿੰਮ ਕਾਰ ਨਾਲ ਮੈਨੀਟੋਬਾ ਦੇ ਇੰਸਟੀਚਿਊਟ ਆਫ ਟਰੇਡਜ਼ ਐਂਡ ਟੈਕਨਾਲੋਜੀ ਦਾ ਦੌਰਾ ਵੀ ਕਰਨਗੇ।
ਮੈਨੀਟੋਬਾ ਦੀ ਫੈਡਰੇਸ਼ਨ ਆਫ ਲੇਬਰ ਦਾ ਦੌਰਾ ਕਰਨ ਤੋਂ ਪਹਿਲਾਂ ਟਰੂਡੋ ਰਿਚਰਡਸਨ ਇੰਟਰਨੈਸ਼ਨਲ ਕਰਨ ਵੌਸਨ ਦੇ ਮੁਖੀ ਤੇ ਰਿਚਰਡਸਨ ਦੀ ਪੇਰੈਂਟ ਕੰਪਨੀ ਹਾਰਟਲੇ ਰਿਚਰਡਸਨ ਦੇ ਸੀਈਓ ਨਾਲ ਵੀ ਮੁਲਾਕਾਤ ਕਰਨਗੇ।