ਵਿਨੀਪੈਗ, 8 ਮਾਰਚ
ਭਾਰਤ ’ਚ ਕਿਸਾਨਾਂ ਦੇ ਅੰਦੋਲਨ ਨੂੰ ਹਮਾਇਤ ਦਿੰਦਿਆਂ ਸ਼ਹਿਰ ਦੇ ਵੱਖ ਵੱਖ ਚੌਕਾਂ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸਭਾ ਵਿਨੀਪੈਗ ਵੱਲੋਂ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ ਗਈ। ਗੇਟਵੇਅ ’ਤੇ ਮੈਕਲੋਡ ਚੌਕ, ਲੀਲਾ ਐਵਨਿਊ ਦੇ ਮੈਕਫਲਿਪਸ ਚੌਕ, ਪੈਮਿੰਨਾ ’ਤੇ ਕਲਾਰਨੀ ਚੌਕ ’ਚ ਇਹ ਪ੍ਰਦਰਸ਼ਨ ਕੀਤੇ ਗਏ। ਲੋਕਾਂ ਨੇ ਹੱਥਾਂ ਵਿਚ ਵੱਖ ਵੱਖ ਤਰ੍ਹਾਂ ਦੇ ਪੋਸਟਰ ਫੜ ਕੇ ਕਿਸਾਨੀ ਘੋਲ ਲਈ ਸਮਰਥਨ ਦਰਸਾਇਆ। ਬੁਲਾਰਿਆਂ ਨੇ ਕਿਹਾ ਕਿ ਭਾਰਤ ਦੇ ਤਿੰਨੋਂ ਖੇਤੀ ਕਾਨੂੰਨ ਜ਼ਮੀਨਾਂ ਦੇਸੀ-ਵਿਦੇਸ਼ੀ ਕੰਪਨੀਆਂ ਹਵਾਲੇ ਕਰਨ ਦੀ ਨੀਤੀ ਤਹਿਤ ਕਾਰਪੋਰੇਟ ਘਰਾਣਿਆਂ ਨੂੰ ਖ਼ੁਸ਼ ਕਰਨ ਲਈ ਬਣਾਏ ਗਏ ਹਨ। ਉਨ੍ਹਾਂ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ। ਰੋਸ ਪ੍ਰਦਰਸ਼ਨ ਦੌਰਾਨ ਭਾਰਤ ਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨੋਂ ਕਾਲੇ ਕਾਨੂੰਨਾਂ ਦੀ ਤੁਰੰਤ ਵਾਪਸੀ ਦੇ ਨਾਲ ਨਾਲ ਭਾਰਤੀ ਜੇਲ੍ਹਾਂ ਵਿਚ ਨਜ਼ਰਬੰਦ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹੰਕਾਰੀ ਵਰਤਾਰੇ ਤੋਂ ਲੱਗਦਾ ਹੈ ਕਿ ਮੋਦੀ ਹਕੂਮਤ ਕਿਸਾਨਾਂ ਨੂੰ ਭਾਰਤ ਦੇਸ਼ ਦੇ ਨਾਗਰਿਕ ਹੀ ਨਹੀਂ ਸਮਝਦੀ ਹੈ। ਇਸ ਮੌਕੇ ਕੌਰ ਸਿੰਘ ਸਿੱਧੂ, ਸੰਦੀਪ ਭੱਟੀ, ਪੰਨੂ ਥਰਾਜ, ਗਗਨਦੀਪ ਕੌਰ, ਅਮਨਦੀਪ ਕੌਰ, ਸੁਖਦੀਪ ਸਿੰਘ ਗਿੱਲ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਹਸਤੀਆਂ ਵੀ ਹਾਜ਼ਰ ਸਨ।