ਵਿਨੀਪੈਗ, 13 ਨਵੰਬਰ
ਪਹਿਲੀ ਸੰਸਾਰ ਜੰਗ ਦੇ 101 ਵਰ੍ਹੇ ਪੂਰੇ ਹੋਣ ’ਤੇ ਅੱਜ ਰਾਇਲ ਵਿਨੀਪੈਗ ਰਾਈਫ਼ਲਜ਼ ਐਸੋਸੀਏਸ਼ਨ ਵੱਲੋਂ ਵਿਮੀ ਮੈਮੋਰੀਅਲ ਪਾਰਕ ਵਿਚ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਯਾਦਗਾਰ ਵਿਚ 300 ਹੋਰ ਸ਼ਹੀਦਾਂ ਦੇ ਨਾਮ ਦਰਜ ਕੀਤੇ ਗਏ। ਪਹਿਲਾ ਯਾਦਗਾਰੀ ਦਿਵਸ 1918 ਨੂੰ ਸ਼ੁਰੂ ਹੋਇਆ ਸੀ।
ਪਹਿਲੀ ਸੰਸਾਰ ਜੰਗ 1914-1918 ਵਿਚ 6,50,000 ਕੈਨੇਡਾ ਵਾਸੀਆਂ ਨੇ ਹਿੱਸਾ ਲਿਆ, ਜਿਸ ਵਿਚ 6,60,00 ਤੋਂ ਵੀ ਵੱਧ ਨੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਇਕ ਲੱਖ ਸੱਤਰ ਹਜ਼ਾਰ ਤੋਂ ਵਧੇਰੇ ਜ਼ਖ਼ਮੀ ਹੋਏ। ਦੂਸਰੀ ਸੰਸਾਰ ਜੰਗ 1939-1945 ਵਿਚ ਹੋਈ। ਇਸ ਵਿੱਚ 44,893 ਕੈਨੇਡੀਅਨ, ਕੋਰੀਅਨ ਲੜਾਈ 1950-1956 ਵਿਚ 516, ਪੀਸ ਕੀਪਿੰਗ ਫੋਰਸ ਵਿਚ 122, ਅਫ਼ਗ਼ਾਨਿਸਤਾਨ ਵਿਚ 158 ਲੋਕਾਂ ਨੇ ਜਾਨਾਂ ਵਾਰੀਆਂ। ਇਸ ਮੌਕੇ ਪਾਰਾ ਮਨਫ਼ੀ 16 ਡਿਗਰੀ ਹੋਣ ਦੇ ਬਾਵਜੂਦ ਸਾਬਕਾ ਅਤੇ ਮੌਜੂਦਾ ਫ਼ੌਜੀਆਂ ਸਮੇਤ 500 ਲੋਕਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬੀਤੇ ਦੇ ਮੁਕਾਬਲੇ ਅੱਜ ਇੱਥੇ ਇਕੱਠ ਵਧੇਰਾ ਸੀ। ਰਾਇਲ ਵਿਨੀਪੈਗ ਰਾਈਫ਼ਲਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਅਸੀਂ ਆਪਣੇ ਘਰਾਂ ਵਿਚ ਕਿਨ੍ਹਾਂ ਦੀ ਬਦੌਲਤ ਸਹੀ-ਸਲਾਮਤ ਬੈਠੇ ਹਾਂ। ਸਮਾਗਮ ਵਿਚ ਸਿੱਖ ਭਾਈਚਾਰੇ ਦੀ ਸ਼ਮੂਲੀਅਤ ਵਧੇਰੇ ਸੀ। ਇਸ ਮੌਕੇ ਇੱਕ ਬਿਰਧ ਔਰਤ ਨੇ ਸਾਰੀ ਹਾਜ਼ਰੀਨ ਦਾ ਦਿਲ ਜਿੱਤ ਲਿਆ, ਜੋ ਰੀੜ੍ਹ ਦੀ ਹੱਡੀ ਦੀ ਸੱਟ ਦੇ ਬਾਵਜੂਦ ਵ੍ਹੀਲਚੇਅਰ ’ਤੇ ਸਵਾਰ ਹੋ ਕੇ ਵਾਰ ਮੈਮੋਰੀਅਲ ਪੁੱਜੀ।