ਪਟਿਆਲਾ, ਕਸਬਾ ਸਨੌਰ ਦੇ ਸੱਤ ਨੌਜਵਾਨਾਂ ਨੂੰ ਰਾਤ ਭਰ ਥਾਣੇ ਬੰਦ ਰੱਖਣ ਅਤੇ ਤਸ਼ੱਦਦ ਢਾਹੁਣ ਦਾ ਮਾਮਲਾ ਆਮ ਆਦਮੀ ਪਾਰਟੀ ਵਿਧਾਨ ਸਭਾ ਵਿੱਚ ਉਠਾਏਗੀ। ਇਹ ਐਲਾਨ ਅੱਜ ਇਥੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ‘ਆਪ’ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਹਾਲ ਹੀ ਵਿੱਚ ਇਸੇ ਅਹੁਦੇ ਤੋਂ ਲਾਂਭੇ ਕੀਤੇ ਗਏ ਸੁਖਪਾਲ ਸਿੰਘ ਖਹਿਰਾ ਨੇ ਕੀਤਾ। ਉਹ ਪੁਲੀਸ ਤਸ਼ੱਦਦ ਕਾਰਨ ਜ਼ੇਰੇ ਇਲਾਜ ਅਮਰਦੀਪ ਸਿੰਘ ਦਾ ਹਾਲ ਚਾਲ ਪੁੱਛਣ ਲਈ ਵੱਖੋ ਵੱਖਰੇ ਤੌਰ ’ਤੇ ਇਥੇ ਰਾਜਿੰਦਰਾ ਹਸਪਤਾਲ਼ ਵਿੱਚ ਪੁੱਜੇ ਹੋਏ ਸਨ। ਇਸ ਦੌਰਾਨ ਸ੍ਰੀ ਚੀਮਾ ਨੇ ਪੀੜਤ ਨੌਜਵਾਨਾਂ ਨੂੰ ਇਨਸਾਫ਼ ਨਾ ਮਿਲਣ ਦੀ ਸੂਰਤ ’ਚ ਸੜਕਾਂ ’ਤੇ ਉੱਤਰਨ ਦਾ ਐਲਾਨ ਕੀਤਾ। ਉਧਰ ਖਹਿਰਾ ਦਾ ਕਹਿਣਾ ਸੀ ਕਿ ਜੇਕਰ ਦੋਸ਼ੀ ਪੁਲੀਸ ਵਾਲ਼ਿਆਂ ਖ਼ਿਲਾਫ਼ 48 ਘੰਟਿਆਂ ’ਚ ਕੇਸ ਦਰਜ ਕਰਕੇ ਗ੍ਰਿਫਤਾਰੀ ਨਾ ਕੀਤੀ ਗਈ, ਤਾਂ ‘ਆਪ’ ਵੱਲੋਂ ਥਾਣਾ ਸਨੌਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਲੋੜ ਪੈਣ ’ਤੇ ਐਸਐਸਪੀ ਦਫ਼ਤਰ ਦਾ ਘਿਰਾਓ ਕਰਨ ਦੀ ਗੱਲ ਵੀ ਆਖੀ।
ਦੁਪਹਿਰ ਤੋਂ ਪਹਿਲਾਂ ਹਸਪਤਾਲ ਆ ਕੇ ਪੀੜਤ ਨੌਜਵਾਨ ਨੂੰ ਮਿਲੇ, ਸ੍ਰੀ ਚੀਮਾ ਦੇ ਨਾਲ਼ ਪਾਰਟੀ ਦੇ ਸੂਬਾਈ ਆਗੂ ਡਾ. ਬਲਬੀਰ ਸਿੰਘ ਸਮੇਤ ਹੋਰ ਆਗੂ ਵੀ ਸਨ ਜਦੋਂਕਿ ਬਾਅਦ ਦੁਪਹਿਰ ਖਹਿਰਾ ਵੀ ਵੱਡੀ ਗਿਣਤੀ ਪਾਰਟੀ ਕਾਰਕੁਨਾਂ ਨਾਲ਼ ਇਥੇ ਪੁੱਜੇ।
ਘਟਨਾ ਦੀ ਨਿਖੇਧੀ ਕਰਦਿਆਂ, ਦੋਵਾਂ ਆਗੂਆਂ ਦਾ ਇਹ ਕਹਿਣਾ ਸੀ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਦਾ ਇਹ ਹਾਲ ਹੈ, ਤਾਂ ਹੋਰ ਥਾਈਂ ‘ਸਭ ਅੱਛਾ’ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ। ਯਾਦ ਰਹੇ ਕਿ ਐਤਵਾਰ ਦੀ ਰਾਤ ਨੂੰ ਤਿੰਨ ਮੋਟਰਸਾਈਕਲਾਂ ਰਾਹੀਂ ਗੁਰਦਵਾਰਾ ਦੂਖ-ਨਿਵਾਰਨ ਸਾਹਿਬ ਜਾ ਰਹੇ ਸਨੌਰ ਵਾਸੀ ਸੱਤ ਨੌਜਵਾਨਾਂ ਦੀ ਥਾਣਾ ਸਨੌਰ ਵਿਚ ਲਿਜਾ ਕੇ ਏ.ਐਸ.ਆਈ ਨਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਕੁੱਟਮਾਰ ਕੀਤੀ ਸੀ। ਪੀੜਤਾਂ ਦਾ ਤਰਕ ਹੈ ਕਿ ਤੀਹਰੀ ਸਵਾਰੀ ਕਾਰਨ ਰੋਕਣ ’ਤੇ ਕਥਿਤ ਸ਼ਰਾਬ ਦੇ ਨਸ਼ੇ ਵਿਚ ਕੁਝ ਪੁਲੀਸ ਵਾਲ਼ਿਆਂ ਨੇ ਉਨ੍ਹਾਂ ਨਾਲ਼ ਜਦੋਂ ਗਾਲ਼ੀ ਗਲੋਚ ਕੀਤਾ, ਤਾਂ ਉਨ੍ਹਾਂ ਨੇ ਪੁਲੀਸ ਦੀ ਅਜਿਹੀ ਕਾਰਵਾਈ ਦੀ ਵੀਡੀਓ ਬਣਾ ਲਈ। ਜਿਸ ਦਾ ਸਬਕ ਸਿਖਾਉਣ ਲਈ ਹੀ ਉਨ੍ਹਾਂ ਨੂੰ ਨਾ ਸਿਰਫ਼ ਰਾਤ ਭਰ ਥਾਣੇ ਬੰਦ ਰੱਖਿਆ ਗਿਆ, ਬਲਕਿ ਥਰਡ ਡਿਗਰੀ ਟਾਰਚਰ ਵੀ ਕੀਤਾ ਗਿਆ। ਅਗਲੀ ਸਵੇਰ ਛੱਡਣ ’ਤੇ ਦੋ ਨੌਜਵਾਨਾਂ ਨੂੰ ਹਸਪਤਾਲ ਦਾਖਲ ਹੋੋਣਾ ਪਿਆ ਤੇ ਅਮਰਦੀਪ ਸਿੰਘ ਅਜੇ ਵੀ ਜ਼ੇਰੇ ਇਲਾਜ ਹੈ। ਅਮਰਦੀਪ ਦਾ ਕਹਿਣਾ ਸੀ ਕਿ ਉਸ ਨੂੰ ਨੰਗੇ ਕਰਕੇ ਉਨ੍ਹਾਂ ’ਤੇ ਤਸ਼ੱਦਦ ਢਾਹਿਆ ਗਿਆ। ਉਸ ਦਾ ਕਹਿਣਾ ਹੈ ਕਿ ਉਹ ਅੰਮ੍ਰਿਤਧਾਰੀ ਹੈ ਤੇ ਪੁਲੀਸ ਵਾਲ਼ਿਆਂ ਨੇ ਉਸ ਦੀ ਦਸਤਾਰ ਅਤੇ ਕੇਸਾਂ ਦੀ ਵੀ ਬੇਹੁਰਮਤੀ ਕੀਤੀ।
‘ਆਪ’ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਕਰਨ ਦਾ ਮੰਚ ਖੁੱਲ੍ਹਾ ਛੱਡਿਆ ਹੋਇਆ ਹੈ। ਇਥੇ ਰਾਜਿੰਦਰਾ ਹਸਪਤਾਲ ਵਿੱਚ ਨੌਜਵਾਨਾਂ ਨੂੰ ਮਿਲਣ ਲਈ ਆਏ ਸ੍ਰੀ ਖਹਿਰਾ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਉਸ ਦੇ ਪੱਖ ਵਿਚ ਖੜ੍ਹੇ ਵਿਧਾਇਕਾਂ ਨੂੰ ਉਹਦੇ ਖ਼ਿਲਾਫ਼ ਕਰਨ ਲਈ ਵਾਧੂ ਸਾਜ਼ਿਸ਼ਾਂ ਰਚੀਆਂ, ਪਰ ਸਾਰੇ ਵਿਧਾਇਕ ਬਿਨਾਂ ਕਿਸੇ ਲਾਲਚ ਤੋਂ ਚਟਾਨ ਵਾਂਗ ਖੜ੍ਹੇ ਰਹੇ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ 50 ਹਜ਼ਾਰ ਵਾਲੰਟੀਅਰਾਂ ਦੀ ਹਾਜ਼ਰੀ ਵਿੱਚ ਕੀਤੇ ਫ਼ੈਸਲੇ ਸਥਿਰ ਰਹਿਣਗੇ।